ਗੜ੍ਹਦੀਵਾਲਾ 18 ਜੁਲਾਈ (ਚੌਧਰੀ)
: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਆਈਸਕ੍ਰੀਮ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਖੁਸ਼ਗਵਾਰ ਅਤੇ ਯਾਦਗਾਰ ਅਨੁਭਵ ਪ੍ਰਦਾਨ ਕਰਨਾ ਸੀ। ਸਮਾਗਮ ਦੌਰਾਨ ਸਕੂਲ ਦਾ ਮਾਹੌਲ ਖੁਸ਼ੀ, ਉਤਸ਼ਾਹ ਅਤੇ ਰੌਣਕ ਨਾਲ ਭਰਿਆ ਹੋਇਆ ਸੀ।ਇਹ ਗਤੀਵਿਧੀ ਕਲਾਸ ਅਧਿਆਪਕਾ ਸੁਸ਼ਮਾ ਦੇਵੀ (ਕਲਾਸ ਪਹਿਲੀ ਰੋਜ), ਜਸਵਿੰਦਰ ਕੌਰ (ਕਲਾਸ ਪਹਿਲੀ ਲੋਟਸ) ਅਤੇ ਰੀਟਾ ਸ਼ਰਮਾ (ਕਲਾਸ ਦੁਜੀ) ਦੀ ਦੇਖ-ਰੇਖ ਹੇਠ ਬਹੁਤ ਹੀ ਸੁਚੱਜੇ ਅਤੇ ਸਫ਼ਲ ਢੰਗ ਨਾਲ ਨੇਪਰੇ ਚੜਾਈ ਗਈ।
ਬੱਚਿਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਸੁਆਦਾਂ ਵਾਲੀਆਂ ਆਈਸਕ੍ਰੀਮਾਂ ਦਾ ਆਨੰਦ ਮਾਣਿਆ ਇਸ ਮੌਕੇ ਉਨ੍ਹਾਂ ਲਈ ਮਨੋਰੰਜਕ ਖੇਡਾਂ ਅਤੇ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਬੱਚਿਆ ਨੇ ਬੜੇ ਚਾਅ ਨਾਲ ਭਾਗ ਲਿਆ। ਨੰਨੋ-ਮੁਨੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਚਮਕ ਦੇਖਣਯੋਗ ਸੀ। ਬੱਚਿਆਂ ਨੇ ਗੀਤ ਗਾਏ, ਹੱਸ-ਖੇਡ ਕੇ ਸਮਾਂ ਬਿਤਾਇਆ ਅਤੇ ਇਸ ਵਿਸ਼ੇਸ਼ ਦਿਨ ਦਾ ਭਰਪੂਰ ਆਨੰਦ ਮਾਣਿਆ।
ਸਕੂਲ ਦੇ ਪ੍ਰਿੰਸੀਪਲ ਸ਼ੇਖਰ ਮੋਦਗਿਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਸਹਿ-ਪਾਠਕ੍ਰਮ ਗਤੀਵਿਧੀਆਂ ਵੀ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਹ ਬੱਚਿਆਂ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ਵਿੱਚ ਸਹਾਇਕ ਹੁੰਦੀਆਂ ਹਨ। ਉਨ੍ਹਾਂ ਨੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰਗਰਾਮ ਬੱਚਿਆਂ ਵਿੱਚ ਸਕੂਲ ਪ੍ਰਤੀ ਪਿਆਰ ਅਤੇ ਉਤਸ਼ਾਹ ਵਧਾਉਂਦੇ ਹਨ।
ਅੰਤ ਵਿੱਚ ਬੱਚਿਆਂ ਨੇ ਆਈਸਕ੍ਰੀਮ ਪਾਰਟੀ ਲਈ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਹ ਸਮਾਗਮ ਬੱਚਿਆਂ ਲਈ ਖੁਸ਼ੀਆਂ ਅਤੇ ਮਿੱਠੀਆਂ ਯਾਦਾਂ ਨਾਲ ਭਰਿਆ ਇੱਕ ਯਾਦਗਾਰ ਦਿਨ ਸਾਬਤ ਹੋਇਆ।








