ਦਸੂਹਾ 1 ਜੂਨ (ਚੌਧਰੀ)
ਹੋਣਹਾਰ ਵਿਦਿਆਰਥੀਆਂ ਨੂੰ ਹਰ ਸਾਲ ਕੀਤਾ ਜਾਵੇਗਾ ਸਨਮਾਨਿਤ – ਪ੍ਰਿੰਸੀਪਲ ਡਾ. ਮਾਨਵ ਸੈਣੀ
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨਾਲ ਸੰਬੰਧਤ ਅਤੇ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਵਿਖੇ ਵਿਦਿਆਰਥੀਆਂ ਵਿੱਚ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਦੱਸਿਆ ਕਿ ਕਾਲਜ ਦੇ ਸਾਬਕਾ ਪ੍ਰਿੰਸੀਪਲ ਸਵਰਗਵਾਸੀ ਡਾ. ਸ਼ਬਨਮ ਕੌਰ ਜੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਅਮੁੱਲ ਯੋਗਦਾਨ ਅਤੇ ਉਨ੍ਹਾਂ ਦੀਆਂ ਵਿਦਿਆਰਥੀ-ਕੇਂਦਰਿਤ ਸੇਵਾਵਾਂ ਨੂੰ ਸਦੀਵੀ ਯਾਦਗਾਰ ਬਣਾਉਣ ਲਈ ਕਾਲਜ ਮੈਨੇਜਮੈਂਟ ਵੱਲੋਂ ਇਹ ਵਿਸ਼ੇਸ਼ ਅਵਾਰਡ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਵਾਰਡ ਹਰ ਸਾਲ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਉਹਨਾਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ, ਜੋ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਹਰ ਐਕਟਿਵੀਆਂ ਤੇ ਪ੍ਰਤਿਯੋਗਿਤਾਵਾਂ ਨੂੰ ਮੁੱਖ ਰੱਖਦੇ ਹੋਏ ਅਧਿਆਪਕਾਂ ਵੱਲੋਂ ਬਣਾਈ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਨਗੇ। ਇਸ ਪਹਿਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪ੍ਰਤੀਯੋਗੀ ਭਾਵਨਾ, ਮਿਹਨਤ ਅਤੇ ਸਿੱਖਿਆ ਪ੍ਰਤੀ ਸਮਰਪਣ ਨੂੰ ਹੋਰ ਮਜ਼ਬੂਤ ਕਰਨਾ ਹੈ। ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਦੱਸਿਆ ਕਿ ਇਸ ਅਵਾਰਡ ਦੀ ਸ਼ੁਰੂਆਤ ਮੌਜੂਦਾ ਅਕਾਦਮਿਕ ਸਾਲ ਤੋਂ ਕੀਤੀ ਗਈ ਹੈ। ਪਹਿਲੇ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਲਈ ਆਈ.ਟੀ. ਵਿਭਾਗ ਦੀ ਬੀ.ਸੀ.ਏ. ਛੇਵੇਂ ਸਮੈਸਟਰ ਦੀ ਵਿਦਿਆਰਥਣ ਹਰਪ੍ਰੀਤ ਕੌਰ, ਸਪੁੱਤਰੀ ਸ਼੍ਰੀ ਕੁਲਦੀਪ ਸਿੰਘ, ਨੂੰ ਉਸਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ’ਤੇ ਚੁਣਿਆ ਗਿਆ। ਇਸ ਮੌਕੇ ਹਰਪ੍ਰੀਤ ਕੌਰ ਨੂੰ ਲੈਪਟਾਪ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਆਸ ਪ੍ਰਗਟਾਈ ਕਿ ਇਹ ਅਵਾਰਡ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਸਵਰਗਵਾਸੀ ਡਾ. ਸ਼ਬਨਮ ਕੌਰ ਜੀ ਦੇ ਸਿੱਖਿਆ ਪ੍ਰਤੀ ਸਮਰਪਣ ਅਤੇ ਸੇਵਾ ਭਾਵਨਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਹਨਾਂ ਦੱਸਿਆ ਕਿ ਬਾਕੀ ਬਚੇ ਤਿੰਨ ਵਿਭਾਗਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਹਰਪ੍ਰੀਤ ਕੌਰ ਨੂੰ ਇਸ ਵਿਸ਼ੇਸ਼ ਸਨਮਾਨ ਲਈ ਵਧਾਈ ਦਿੱਤੀ ਅਤੇ ਕਾਲਜ ਮੈਨੇਜਮੈਂਟ ਦੇ ਇਸ ਪ੍ਰੇਰਣਾਦਾਇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਆਈ.ਟੀ ਵਿਭਾਗ ਦੇ ਮਨਪ੍ਰੀਤ ਕੌਰ,ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਨੇਹਾ, ਪਲਵਿੰਦਰ ਕੌਰ, ਪ੍ਰੀਤੀ, ਮਨਪ੍ਰੀਤ ਕੌਰ, ਹਰਦੀਪ ਕੌਰ, ਰੇਨੂੰ, ਮਧੂ ਬਾਲਾ, ਕੁਸਮ ਲਤਾ, ਪਰਦੀਪ ਕੁਮਾਰ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਸਨਮਾਨਿਤ ਬੀ.ਸੀ.ਏ. ਛੇਵੇਂ ਸਮੈਸਟਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਲੈਪਟਾਪ ਭੇਂਟ ਕਰਦੇ ਹੋਏ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਮਾਨਵ ਸੈਣੀ, ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਅਤੇ ਆਈ.ਟੀ ਵਿਭਾਗ ਦੇ ਫੈਕਲਟੀ ਮੈਂਬਰ।








