ਗੜ੍ਹਦੀਵਾਲਾ 27 ਮਾਰਚ (ਚੌਧਰੀ / ਪ੍ਰਦੀਪ ਕੁਮਾਰ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਵੱਲੋਂ ਏ.ਵੀ. ਪੀ. ਐੱਨ., ਗੂਗਲ.ਓ.ਆਰ.ਜੀ., ਅਤੇ ਏਸ਼ੀਆਈ ਵਿਕਾਸ ਬੈਂਕ ਦੀ ਸਹਿਯੋਗ ਨਾਲ ਏ.ਆਈ.(AI) ਨਾਲ ਸੰਬੰਧਿਤ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ (ਏ.ਆਈ.) ਸੰਬੰਧੀ ਗਿਆਨ ਅਤੇ ਹੁਨਰ ਨੂੰ ਮਜ਼ਬੂਤ ਕਰਨਾ ਸੀ। ਇਸ ਵਿੱਚ ਆਈ.ਟੀ ਅਤੇ ਨਾਨ ਆਈ.ਟੀ ਦੋਹਾਂ ਸਟ੍ਰੀਮਾ ਦੇ ਕੁੱਲ 113 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਮੈਡਮ ਜਸਲੀਨ ਕੌਰ ਨੇ ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਜਾਣੂੰ ਕਰਵਾਇਆ। ਮਿਸ ਗੀਤਾ ਦੇਸਵਾਲ, ਸਹਾਇਕ ਪ੍ਰੋਗਰਾਮ ਕੋਆਰਡੀਨੇਟਰ, ਨੇ ਵਰਕਸ਼ਾਪ ਦੇ ਵੱਖ ਵੱਖ ਸ਼ੈਸ਼ਨਾਂ ਦੌਰਾਨ ਵਿਦਿਆਰਥੀਆਂ ਨੂੰ ਏ.ਆਈ. ਦੇ ਮੁੱਢਲੇ ਤੱਤ, ਜਨਰੇਟਿਵ ਏ.ਆਈ., ਪ੍ਰੌਮਪਟਿੰਗ ਤਕਨੀਕਾਂ, ਵੱਖ ਵੱਖ ਏ.ਆਈ ਟੂਲਜ਼ ਅਤੇ ਐਪਲੀਕੇਸ਼ਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇੰਜੀ. ਕਮਲਜੀਤ ਕੌਰ, (ਮੁਖੀ, ਕੰਪਿਊਟਰ ਵਿਭਾਗ) ਨੇ ਵਿਦਿਆਰਥੀਆਂ ਨੂੰ ਆਧੁਨਿਕ ਏ.ਆਈ. ਤਕਨੀਕਾਂ ਦੀ ਵਰਤੋਂ ਤੋਂ ਜਾਣੂੰ ਕਰਵਾਇਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮਿਸ ਗੀਤਾ ਦੇਸਵਾਲ ,ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਵਰਕਸ਼ਾਪ ਵਿਦਿਆਰਥੀਆਂ ਅਤੇ ਸਟਾਫ਼ ਲਈ ਆਧੁਨਿਕ ਸਿਖਲਾਈ ਰਾਹੀਂ ਨਵੀਂ ਟੈਕਨੋਲੋਜੀ ਸਿੱਖਣ ਦੇ ਰਾਹ ਖੋਲ੍ਹਦੀਆਂ ਹਨ। ਇਸ ਮੌਕੇ ਕੰਪਿਊਟਰ ਵਿਭਾਗ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।








