ਬਟਾਲਾ, 28 ਜਨਵਰੀ (ਅਵਿਨਾਸ਼ ਸ਼ਰਮਾ)
: ਡੇਰਾ ਬਾਬਾ ਨਾਨਕ ਤੋਂ ਇੱਕ ਵੱਡੀ ਤੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਬਾਜ਼ਾਰ ਜੋੜੀਆਂ ਵਿੱਚ ਸਥਿਤ ਬੇਦੀ ਮੈਡੀਕਲ ਸਟੋਰ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਧਾਧੁੰਦ ਫਾਇਰਿੰਗ ਕਰਕੇ ਸਟੋਰ ਦੇ ਮਾਲਕ ਰਣਬੀਰ ਸਿੰਘ ਉਰਫ਼ ਬੇਦੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਿਨ ਦਿਹਾੜੇ ਹੋਏ ਇਸ ਕਤਲ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਮੈਡੀਕਲ ਸਟੋਰ ਤੇ ਤਾਬੜਤੋੜ ਗੋਲੀਆਂ ਚਲਾਈਆਂ। ਸਾਡੇ ਸੂਤਰਾਂ ਮੁਤਾਬਕ ਗੰਭੀਰ ਜ਼ਖ਼ਮੀ ਹਾਲਤ ਵਿੱਚ ਰਣਬੀਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੌਕੇ ਤੋਂ ਚਾਰ ਖੋਖੇ ਬਰਾਮਦ ਹੋਏ ਹਨ।
ਇਸ ਵਾਰਦਾਤ ਨੇ ਪੁਲਿਸ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਸਾਲ 2024 ਵਿੱਚ ਵੀ ਇਸੇ ਬੇਦੀ ਮੈਡੀਕਲ ਸਟੋਰ ’ਤੇ ਫਾਇਰਿੰਗ ਹੋ ਚੁੱਕੀ ਸੀ, ਜਿਸ ਦੌਰਾਨ ਰਣਬੀਰ ਸਿੰਘ ਬੇਦੀ ਜ਼ਖ਼ਮੀ ਹੋਇਆ ਸੀ। ਉਸ ਸਮੇਂ ਉਸਨੂੰ ਪੁਲਿਸ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ, ਜੋ ਕੁਝ ਸਮੇਂ ਬਾਅਦ ਵਾਪਸ ਲੈ ਲਈ ਗਈ।
ਪਰਿਵਾਰਕ ਸਰੋਤਾਂ ਅਤੇ ਨਜ਼ਦੀਕੀ ਲੋਕਾਂ ਅਨੁਸਾਰ ਰਣਬੀਰ ਸਿੰਘ ਲੰਮੇ ਸਮੇਂ ਤੋਂ ਡਰ ਦੇ ਸਾਏ ਹੇਠ ਜੀ ਰਿਹਾ ਸੀ। ਉਸਨੂੰ ਲਗਾਤਾਰ ਧਮਕੀ ਭਰੀਆਂ ਕਾਲਾਂ ਅਤੇ ਫਿਰੌਤੀ ਦੀਆਂ ਮੰਗਾਂ ਮਿਲਦੀਆਂ ਰਹੀਆਂ ਸਨ ਅਤੇ ਉਹ ਕਈ ਵਾਰ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਵੀ ਜਾਹਿਰ ਕਰ ਚੁੱਕਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਬਟਾਲਾ ਦੇ ਸੀਨੀਅਰ ਪੁਲਿਸ ਅਧਿਕਾਰੀ, ਡੇਰਾ ਬਾਬਾ ਨਾਨਕ ਦੇ ਐਸਐਚਓ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਐਸਐਸਪੀ ਬਟਾਲਾ ਡਾ ਮਹਿਤਾਬ ਸਿੰਘ ਨੇ ਦੱਸਿਆ ਕਿ ਰੀਸੈਂਟ ਸਮੇਂ ਵਿੱਚ ਮ੍ਰਿਤਕ ਨੂੰ ਕੋਈ ਧਮਕੀ ਕਾਲ ਆਉਣ ਬਾਰੇ ਪੁਲਿਸ ਕੋਲ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ 2024 ਦਾ ਪੁਰਾਣਾ ਮਾਮਲਾ ਵੈਰੀਫਾਈ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਹਾਲਾਂਕਿ ਵੱਡਾ ਸਵਾਲ ਇਹ ਹੈ ਕਿ ਜਦੋਂ ਪਹਿਲਾਂ ਹੀ ਹਮਲਾ ਹੋ ਚੁੱਕਾ ਸੀ ਅਤੇ ਧਮਕੀਆਂ ਦੀ ਗੱਲ ਸਾਹਮਣੇ ਆ ਰਹੀ ਸੀ, ਤਾਂ ਸੁਰੱਖਿਆ ਵਾਪਸ ਕਿਉਂ ਲਈ ਗਈ? ਇੱਕ ਪਾਸੇ ਪੁਲਿਸ ਗੈਂਗਸਟਰਾਂ ਖ਼ਿਲਾਫ਼ ਮੁਹਿੰਮਾਂ ਦੇ ਦਾਵੇ ਕਰ ਰਹੀ ਹੈ, ਦੂਜੇ ਪਾਸੇ ਅਪਰਾਧੀ ਬੇਖੌਫ਼ ਹੋ ਕੇ ਦਿਨ ਦਿਹਾੜੇ ਕਤਲ ਕਰ ਰਹੇ ਹਨ।
ਇਸ ਘਟਨਾ ਤੋਂ ਬਾਅਦ ਸਥਾਨਕ ਵਪਾਰੀਆਂ ਅਤੇ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਇਲਾਕੇ ਦੀ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ।








