ਹੁਸ਼ਿਆਰਪੁਰ, 13 ਅਕਤੂਬਰ (ਪ੍ਰਾਈਮ ਪੰਜਾਬ ਟਾਈਮਜ਼)
–ਅਧਿਕਾਰ ਖੇਤਰ ਢਾਂਚਾ, ਪੇਂਡੂ-ਸ਼ਹਿਰੀ ਵਰਗੀਕਰਨ ਤੇ ਹੋਰ ਵਿਸ਼ਿਆਂ ‘ਤੇ ਹੋਈ ਵਿਸਤਾਰਤ ਚਰਚਾ
: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਅੱਜ ਹੁਸ਼ਿਆਰਪੁਰ ਵਿਚ ਜਨਗਣਨਾ-2027 ਦੀ ਤਿਆਰੀ ਸਬੰਧੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਹ ਮੀਟਿੰਗ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ, ਜਿਸ ਵਿਚ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਅਤੇ ਜ਼ਿਲ੍ਹਾ ਇੰਚਾਰਜ ਅੰਕਿਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਨਗਣਨਾ ਵਿਭਾਗ ਵੱਲੋਂ ਹਾਲ ਹੀ ਵਿਚ ਜਾਰੀ ਸਰਕੂਲਰਾਂ, ਅਧਿਕਾਰ ਖੇਤਰ ਢਾਂਚਾ, ਪੇਂਡੂ-ਸ਼ਹਿਰੀ ਵਰਗੀਕਰਨ, ਬਾਹਰੀ ਵਿਕਾਸ ਖੇਤਰ ਅਤੇ ਸ਼ਹਿਰੀ ਸਮੂਹੀਕਰਨ ਅਤੇ ਬੇਸ ਮੈਪ ਦੀ ਅਪਡੇਟਿੰਗ ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਇਨ੍ਹਾਂ ਬਿੰਦੂਆਂ ਨੂੰ ਸਹੀ ਅਤੇ ਸਮੇਂ ਸਿਰ ਅੱਪਡੇਟ ਕਰਨਾ ਜਨਗਣਨਾ-2027 ਦੀ ਸਫਲਤਾ ਦੇ ਲਈ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੇਂਡੂ ਖੇਤਰਾਂ ਵਿਚ ਤਹਿਸੀਲਦਾਰਾਂ ਅਤੇ ਸ਼ਹਿਰੀ ਖੇਤਰਾਂ ਵਿਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵੱਲੋਂ ਭੇਜੀਆਂ ਗਈਆਂ ਰਿਪੋਰਟਾਂ ਦੀ ਮੁੜ ਜਾਂਚ ਕੀਤੀ ਜਾਵੇ। ਲੋੜੀਂਦੇ ਸੁਧਾਰ ਕਰਨ ਅਤੇ ਸੋਧੀਆਂ ਰਿਪੋਰਟਾਂ ਨੂੰ ਤੁਰੰਤ ਜਨਗਣਨਾ ਭਵਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪੂਰੀ ਗੰਭੀਰਤਾ, ਸ਼ੁੱਧਤਾ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ, ਤਾਂ ਜੋ ਜਨਗਣਨਾ ਪ੍ਰਕਿਰਿਆ ਵਿਚ ਦੇਰੀ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਦੇਸ਼ ਦੀਆਂ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਦੀ ਨੀਂਹ ਹੈ, ਇਸ ਲਈ ਸਾਰੇ ਅਧਿਕਾਰੀਆਂ ਨੂੰ ਇਸ ਨੂੰ ਪੂਰੀ ਜ਼ਿੰਮੇਵਾਰੀ ਅਤੇ ਪਹਿਲ ਦੇ ਨਾਲ ਪੂਰਾ ਕਰਨਾ ਚਾਹੀਦਾ ਹੈ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ, ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ, ਐਸ.ਡੀ.ਐਮ ਗੜ੍ਹਸ਼ੰਕਰ ਸੰਜੀਵ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ ਸੁਨੀਤਾ ਬੋਪਾਲ, ਤਹਿਸੀਲਦਾਰ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।








