ਗੁਰਦਾਸਪੁਰ/ਕਲਾਨੌਰ (ਅਵਿਨਾਸ਼ ਸ਼ਰਮਾ)
: ਅੱਜ ਸਵੇਰੇ ਤੜਕਸਾਰ ਪੁਲਿਸ ਮੁਕਾਬਲੇ ਦੌਰਾਨ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਖ਼ੂਖ਼ਾਰ ਸੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੁਕਾਬਲੇ ਵਿੱਚ ਸੂਟਰ ਰਵੀ ਮਸੀਹ ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਲੱਤ ਵਿੱਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਕਾਬੂ ਕਰਕੇ ਮੈਡੀਕਲ ਲਈ ਭੇਜਿਆ ਗਿਆ ਅਤੇ ਫਿਰ ਅਦਾਲਤੀ ਹੁਕਮਾਂ ਅਨੁਸਾਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਰਵੀ ਮਸੀਹ, ਪਿੰਡ ਅਟਾਰੀ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਇਹ ਕਲਾਨੌਰ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਤੇ ਫਰੌਤੀ ਮੰਗਣ ਦੇ ਮਾਮਲੇ ਵਿੱਚ ਲੜੀਦਾ ਸੀ। ਉਸਦਾ ਇੱਕ ਸਾਥੀ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਹੈ। ਇਹਨਾਂ ਨੇ ਮਿਲ ਕੇ ਪਿਛਲੇ ਦਿਨ ਕਲਾਨੌਰ ਦੇ ਬਾਜ਼ਾਰ ਦੇ ਨੇੜੇ ਗੋਲੀਬਾਰੀ ਕਰਕੇ ਫਰੌਤੀ ਦੀ ਕਾਲ ਕੀਤੀ ਸੀ।
ਐਸ.ਐਸ.ਪੀ. ਨੇ ਖੁਲਾਸਾ ਕੀਤਾ ਕਿ ਗੁਪਤ ਸੂਤਰਾਂ ਤੋਂ ਖ਼ਬਰ ਮਿਲੀ ਸੀ ਕਿ ਰਵੀ ਮਸੀਹ ਪਿੰਡ ਰੋਸੇ ਵਿੱਚ ਛੁਪਿਆ ਹੋਇਆ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਜਦੋਂ ਸੂਟਰ ਨੇ ਪੁਲਿਸ ਪਾਰਟੀ ਨੂੰ ਵੇਖਿਆ ਤਾਂ ਉਹ ਭੱਜਣ ਲੱਗਾ ਅਤੇ ਅੱਗੋਂ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਵੀ ਸਾਵਧਾਨੀ ਨਾਲ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਉਸਦੀ ਲੱਤ ਵਿੱਚ ਗੋਲੀ ਲੱਗੀ।
ਪੁਲਿਸ ਨੇ ਮੌਕੇ ‘ਤੇ ਹੀ ਉਸ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਮੁਤਾਬਕ ਇਸ ਸੂਟਰ ਤੋਂ ਹੋਰ ਮਹੱਤਵਪੂਰਨ ਖੁਲਾਸਿਆਂ ਦੀ ਉਮੀਦ ਹੈ।
ਪੁਲਿਸ ਦੀ ਤੇਜ਼ ਕਾਰਵਾਈ ਨਾਲ ਇੱਕ ਵੱਡੀ ਵਾਰਦਾਤ ਹੋਣ ਤੋਂ ਪਹਿਲਾਂ ਹੀ ਟਲ ਗਈ।








