ਵਿਧਾਇਕਾ ਸੰਤੋਸ਼ ਕਟਾਰੀਆ ਟਰਾਂਸਪੋਰਟ ਮੰਤਰੀ ਭੁੱਲਰ ਨੂੰ ਮਿਲੇ
ਬਲਾਚੌਰ, 24 ਮਈ (ਜਤਿੰਦਰ ਪਾਲ ਸਿੰਘ ਕਲੇਰ ) ਵਿਧਾਨ ਸਭਾ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਬੀਤੇ ਕੱਲ੍ਹ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਨੂੰ ਮਿਲੇ ਤੇ ਉਨ੍ਹਾਂ ਨੂੰ ਹਲਕਾ ਬਲਾਚੌਰ ਦੀਆਂ ਟਰਾਂਸਪੋਰਟ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ | ਇਸ ਸਬੰਧੀ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਹਲਕਾ ਬਲਾਚੌਰ ਦੀ ਇਕ-ਇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਟਰਾਂਸਪੋਰਟ ਮੰਤਰੀ ਨਾਲ ਹਲਕੇ ‘ਚ ਰੋਡਵੇਜ਼ ਦੇ ਅਨੇਕਾਂ ਬੰਦ ਪਏ ਰੂਟਾਂ ਨੂੰ ਚਲਾਉਣ ਦੀ ਮੰਗ ਕੀਤੀ ਤੇ ਦੱਸਿਆ ਕਿ ਇਹ ਬੰਦ ਪਏ ਰੂਟਾਂ ਨਾਲ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਵਿਧਾਨ ਸਭਾ ਹਲਾਕ ਬਲਾਚੌਰ ਦੇ ਪਿੰਡ ਚੰਦਿਆਣੀ ਖ਼ੁਰਦ, ਰੱਤੇਵਾਲ, ਮਾਲੇਵਾਲ, ਭੱਦੀ, ਮੌਜੋਵਾਲ ਮਜਾਰਾ, ਚਾਂਦਪੁਰ ਰੁੜਕੀ, ਬਲਾਚੌਰ ਸ਼ਹਿਰ ਆਦਿ ਸਮੇਤ ਅਨੇਕਾਂ ਪਿੰਡਾਂ ਨੂੰ ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੀਆਂ ਬੱਸਾਂ ਦੇ ਰੂਟ ਚੱਲਦੇ ਸਨ, ਪਰ ਹੁਣ ਇਹ ਰੂਟ ਕਾਫ਼ੀ ਸਮੇਂ ਤੋਂ ਬੰਦ ਹਨ | ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਬੰਦ ਪਏ ਰੂਟਾਂ ਨੂੰ ਚਲਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਤੇ ਉਹ ਬਲਾਚੌਰ ਦੇ ਹਲਕੇ ਦੇ ਬੰਦ ਪਏ ਰੂਟਾਂ ਨੂੰ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਇਸੇ ਸਬੰਧ ਵਿਚ ਉਹ ਟਰਾਂਸਪੋਰਟ ਮੰਤਰੀ ਨੂੰ ਮਿਲੇ ਹਨ ਤੇ ਮੰਤਰੀ ਵਲੋਂ ਵੀ ਭਰੋਸਾ ਦਿਵਾਇਆ ਹੈ ਕਿ ਉਹ ਬਲਾਚੌਰ ਹਲਕੇ ਦੀ ਉਨ੍ਹਾਂ ਨਾਲ ਸਬੰਧਿਤ ਵਿਭਾਗ ਦੀ ਇਕ-ਇਕ ਮੰਗ ਪੂਰੀ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਅਸ਼ੋਕ ਕਟਾਰੀਆ, ਪਵਨ ਕੁਮਾਰ ਰੀਠੂ ਪੀ.ਏ, ਕਰਨ ਕਟਾਰੀਆ ਵੀ ਨਾਲ ਸਨ |








