ਡੀ ਡੀ ਓ ਪਾਵਰਾਂ ਨਾ ਮਿਲਣ ਕਾਰਨ ਹਜ਼ਾਰਾਂ ਅਧਿਆਪਕ ਤਨਖਾਹਾਂ ਤੋਂ ਵਾਂਝੇ : ਤਰਸੇਮ ਪਾਲ ਸ਼ਰਮਾ
ਬਟਾਲਾ, 15 ਮਈ (ਅਵਿਨਾਸ਼ ਸ਼ਰਮਾ ) ਅਦਾਲਤ ਦੇ ਹੁਕਮਾਂ ਅਨੁਸਾਰ ਦੋ ਜਾਂ ਦੋ ਤੋਂ ਵੱਧ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਉਨ੍ਹਾਂ ਦੇ ਬਦਲੀ ਵਾਲੇ ਸਟੇਸ਼ਨ ਲਈ ਫਾਰਗ ਕੀਤੇ ਜਾਣ ਉਪਰੰਤ ਅਤੇ ਡੀ.ਡੀ.ਓ. ਪਾਵਰਾਂ ਹਰ ਕਿਸੇ ਡੀ.ਡੀ.ਓ. ਨੂੰ ਨਾ ਦਿੱਤੇ ਜਾਣ ਕਾਰਨ ਹਜ਼ਾਰਾਂ ਅਧਿਆਪਕ ਤਨਖਾਹਾਂ ਤੋਂ ਵਾਂਝੇ ਹਨ।
ਅਧਿਆਪਕ ਦਲ ਦੇ ਸਰਪ੍ਰਸਤ ਬਾਬਾ ਤਾਰਾ ਸਿੰਘ ਅਤੇ ਆਰਟ ਐਂਡ ਕਰਾਫਟ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਪਾਲ ਸ਼ਰਮਾ ਨੇ ਦੱਸਿਆਂ ਕਿ ਅਦਾਲਤ ਦੇ 7 ਅਪ੍ਰੈਲ ਨੂੰ ਜਾਰੀ ਹੁਕਮਾਂ ਉਪਰੰਤ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣਾ ਸਿੱਖਿਆ ਵਿਭਾਗ ਦੀ ਨਲਾਇਕੀ ਦਾ ਵੱਡਾ ਸਬੂਤ ਹੈ। ਵਿਭਾਗ ਦੀ ਇਸ ਨਲਾਇਕੀ ਵਿਰੁੱਧ ਗੁਰਦਾਸਪੁਰ, ਪਠਾਨਕੋਟ, ਅਮ੍ਰਿਤਸਰ , ਜਲੰਧਰ,
ਬਠਿੰਡਾ, ਬਰਨਾਲਾ, ਮਾਨਸਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਵੱਲੋਂ ਰੋਸ ਪ੍ਰਗਟਾਵਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਨੇਕਾਂ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਉਨ੍ਹਾਂ ਸਕੂਲਾਂ ਦੀਆਂ ਡੀ.ਡੀ.ਓ. ਪਾਵਰਾਂ ਹੋਰ ਸਕੂਲ ਮੁਖੀਆਂ ਨੂੰ ਦੇ ਕੇ ਡੰਗ-ਟਪਾਊ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਿਆ ਜਾਣਾ ਚਾਹੀਦਾ ਹੈ । ਜਦੋਂ ਤੱਕ ਇਉ ਖਾਲੀ ਅਸਾਮੀਆਂ ‘ਤਰੱਕੀ ਰਾਹੀਂ ਨਹੀਂ ਭਰੀਆਂ ਜਾਂਦੀਆਂ ਉਦੋ ਤੱਕ ਜ਼ਿਲ੍ਹੇ ਵਿੱਚ ਉਸ ਹੀ ਬਲਾਕ ਵਿੱਚ ਡੀ.ਡੀ.ਓ. ਪਾਵਰਾਂ ਦਿੱਤੀਆਂ ਜਾਣ ਤਾਂ ਕਿ ਅਧਿਆਪਕਾਂ ਦੀ ਤਨਖਾਹ ਸਮੇਂ ਸਿਰ ਕਢਵਾਈ ਜਾ ਸਕੇ। ਸਰਕਾਰ ਨੂੰ ਹਰ ਕੇਡਰ ਦੀਆਂ ਖਾਲੀ ਪਈਆਂ ਆਸਾਮੀਆਂ ਨੂੰ ਨਿਯਤ ਸਮੇ ਅਨੁਸਾਰ ਤਰੱਕੀਆਂ ਰਾਹੀਂ ਭਰਨਾ ਚਾਹੀਦਾ ਹੈ।








