ਕੈਬਨਿਟ ਮੰਤਰੀ ਨੇ ਮੁਕੇਰੀਆਂ ਦੇ ਪਿੰਡ ਸਿੰਘੋਵਾਲ ’ਚ ਸ਼ਹੀਦ ਖੇਮ ਸਿੰਘ ਦੇ ਨਾਮ ’ਤੇ ਬਣੇ ਸਟੇਡੀਅਮ ਦਾ ਕੀਤਾ ਉਦਘਾਟਨ
— ਨੌਜਵਾਨਾਂ ਦੀ ਤਰੱਕੀ ਲਈ ਪੰਜਾਬ ਸਰਕਾਰ ਗੰਭੀਰ, ਮੁਹੱਈਆ ਕਰਵਾਏ ਜਾਣਗੇ ਬੇਹਤਰ ਮੌਕੇ : ਬ੍ਰਮ ਸ਼ੰਕਰ ਜਿੰਪਾ
–4 ਏਕੜ ’ਚ 16 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸਟੇਡੀਅਮ
–ਕਿਹਾ, ਤੰਦਰੁਸਤ ਰਹਿਣ ਲਈ ਖੇਡਾਂ ਵੱਲ ਧਿਆਨ ਦੇਣ ਨੌਜਵਾਨ
ਮੁਕੇਰੀਆਂ / ਦਸੂਹਾ (ਹੁਸ਼ਿਆਰਪੁਰ), 17 ਅਪ੍ਰੈਲ(ਚੌਧਰੀ) : ਮਾਲ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦੀ ਤਰੱਕੀ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਅਤੇ ਨੌਜਵਾਨਾਂ ਨਾਲ ਸਬੰਧਤ ਵੱਖ-ਵੱਖ ਯੋਜਨਾਵਾਂ ’ਤੇ ਕੰਮ ਕਰਦੇ ਹੋਏ ਬੇਹਤਰੀਨ ਮੌਕੇ ਮੁਹੱਈਆ ਕਰਵਾਏ ਜਾਣਗੇ। ਉਹ ਅੱਜ ਮੁਕੇਰੀਆਂ ਦੇ ਪਿੰਡ ਸਿੰਘੋਵਾਲ ਵਿਚ 4 ਏਕੜ ਵਿਚ 16 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਟੇਡੀਅਮ ਦਾ ਉਦਘਾਟਨ ਕਰਨ ਦੌਰਾਨ ਪਿੰਡ ਵਾਸੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਦਸੂਹਾ ਸ੍ਰੀ ਕਰਮਵੀਰ ਸਿੰਘ ਘੁੰਮਣ, ਸ੍ਰੀ ਜੀ.ਐਸ. ਮੁਲਤਾਨੀ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਪਿੰਡ ਤੇ ਇਲਾਕੇ ਨਾਲ ਸਬੰਧਤ ਸਮੱਸਿਆਵਾਂ ਦਾ ਜਲਦ ਨਿਪਟਾਰਾ ਕਰਨ ਦਾ ਭਰੋਸਾ ਵੀ ਦਿੱਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਲ 1971 ਵਿਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਸ਼ਹੀਦ ਹੋਏ ਪਿੰਡ ਦੇ ਖੇਮ ਸਿੰਘ ਦੇ ਨਾਮ ’ਤੇ ਬਣਿਆ ਸਟੇਡੀਅਮ ਹਮੇਸ਼ਾਂ ਨੌਜਵਾਨਾਂ ਦਾ ਮਾਰਗ ਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿਚ ਬੈਡਮਿੰਟਨ, ਵਾਲੀਬਾਲ, ਬਾਸਕਿਟਬਾਲ, ਫੁੱਟਬਾਲ ਦੀ ਗਰਾਉਂਡ ਤੋਂ ਇਲਾਵਾ 400 ਮੀਟਰ ਦਾ ਟਰੈਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਬਣਾਏ ਗਏ ਖੇਡ ਸਟੇਡੀਅਮ ਦਾ ਉਦੇਸ਼ ਤੰਦਰੁਸਤੀ ਦਾ ਸੰਦੇਸ਼ ਦੇਣਾ ਹੈ ਤਾਂ ਜੋ ਹਰ ਉਮਰ ਦੇ ਵਿਅਕਤੀ ਤੇ ਮਹਿਲਾਵਾਂ ਇਸ ਸਟੇਡੀਅਮ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਪਿੰਡ ਵਿਚ ਬਣੇ ਖੇਡ ਸਟੇਡੀਅਮ ਦੀ ਸਥਾਪਨਾ ਨਾਲ ਨੌਜਵਾਨ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪਹਿਲਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਹੈ, ਜਿਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਨੌਜਵਾਨਾ ਨੂੰ ਸੂਬੇ ਵਿਚ ਇਕ ਚੰਗਾ ਮਾਹੌਲ ਦੇਣ ਲਈ ਸਾਫ਼-ਸੁਥਰਾ ਅਤੇ ਸਿਹਤਮੰਤ ਸਮਾਜ ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦ ਨੌਜਵਾਨ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੇ। ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੂਚੀ ਦਿਖਾਉਣ ਕਿਉਂਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਰਚਨਾਤਮਕ ਮਾਹੌਲ ਬਣਾਇਆ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਨੂੰ ਸਿੱਖਿਆ ਅਤੇ ਸਰੀਰਕ ਪੱਖੋਂ ਵਿਕਸਿਤ ਕੀਤਾ ਜਾ ਸਕੇ।
ਇਸ ਮੌਕੇ ਸਰਪੰਚ ਸ੍ਰੀਮਤੀ ਸੰਗੀਤਾ ਰਾਣੀ, ਮਾਸਟਰ ਸੰਤੋਖ ਸਿੰਘ, ਸ੍ਰੀ ਹਰਜੀਤ ਸਹੋਤਾ, ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀਮਤੀ ਨੀਨਾ ਠਾਕੁਰ, ਸ੍ਰੀਮਤੀ ਸਤਿਆ ਦੇਵੀ, ਸ੍ਰੀ ਜਗਦੀਸ਼ ਚੰਦਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।








