ਫਗਵਾੜਾ (ਲਾਲੀ ਦਾਦਰ)-
*ਨੌਜਵਾਨ ਦੀ ਮੌਤ ਤੇ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ *
ਹਮਲਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਦੇ ਭਰੋਸੇ ਤੇ ਡਾਕਟਰਾਂ ਕੀਤਾ ਧਰਨਾ ਖਤਮ
12 ਨਵੰਬਰ : ਅੱਜ ਚੜ੍ਹਦੀ ਸਵੇਰ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਇਕ ਨਾਬਾਲਗ ਲੜਕੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਨੁਜ ਪੁੱਤਰ ਜੈ ਪ੍ਰਕਾਸ਼(17) ਮੁਹੱਲਾ ਟਿੱਬੀ ਜੋ ਕੰਨਾਂ ਨੂੰ ਹੈੱਡ ਫੋਨ ਲਗਾ ਕੇ ਫਗਵੜਾ -ਬੰਗਾ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਤਾਂ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ,ਜਿਸ ਨੂੰ ਗੰਭੀਰ ਹਾਲਤ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਲੜਕੇ ਅਨੁਜ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਭਾਰੀ ਹੰਗਾਮਾ ਸ਼ੁਰੂ ਕਰਦਿਆਂ ਉਨ੍ਹਾਂ ਡਾ.ਅਸ਼ੀਸ਼ ਜੇਤਲੀ ਦੀ ਬੁਰੀ ਤਰਾਂ ਮਾਰਕੁੱਟ ਕੀਤੀ ਤਾਂ ਸਾਰੇ ਪਾਸੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਅਤੇ ਮਰੀਜ ਡਰ ਗਏ ।ਹਸਪਤਾਲ ਉੱਦੋਂ ਜੰਗ ਦਾ ਮੈਦਾਨ ਬਣ ਗਿਆ ਜਦੋਂ ਬਾਕੀ ਡਾਕਟਰਾਂ ਨੇ ਆਪਣੇ ਸਾਥੀ ਡਾ.ਜੇਤਲੀ ਨੂੰ ਬਚਾਉਣ ਲਈ ਅੱਗੇ ਆਏ ਤਾਂ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ´ਤੇ ਵੀ ਹਮਲਾ ਕਰ ਦਿੱਤਾ ਤਾਂ ਸਾਰੇ ਪਾਸੇ ਅਰਾਜਕਤ ਦਾ ਮੌਹਾਲ ਬਣ ਗਿਆ।ਜਿਸਦੇ ਚੱਲਦਿਆਂ ਐਸ .ਐਮ.ਓ,ਡਾ.ਕਮਲ ਕਿਸ਼ੋਰ ਸਮੇਤ ਸਾਰੇ ਡਾਕਟਰਾਂ ਅਤੇ ਸਟਾਫ ਨੇ ਕੰਮ ਕਾਜ ਬੰਦ ਕਰਕੇ ਡਾ.ਜੇਤਲੀ ਦੇ ਹੱਕ ਵਿੱਚ ਧਰਨੇ ´ਤੇ ਬੈਠ ਗਏ । ਹੰਗਾਮੇ ਦੀ ਖਬਰ ਸੁਣਦਿਆਂ ਹੀ ਐਸ.ਡੀ.ਐਮ. ਡਾ.ਅਮਰਦੀਪ ਥਿੰਦ ,ਡੀ.ਐਸ.ਪੀ.ਜਸਪਰੀਤ ਸਿੰਘ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਅਮਨਦੀਪ ਨਾਹਰ ਸਥਿਤੀ ਨੂੰ ਸ਼ਾਂਤ ਕਰਨ ਲਈ ਸਿਵਲ ਹਸਪਤਾਲ ਪਹੁੰਚੇ, ਉੱਧਰ ਦੂਸਰੇ ਪਾਸੇ ਪਰਿਵਾਰਿਕ ਮੈਂਬਰਾਂ ਵੱਲੋਂ ਫਗਵਾੜਾ ਸਿਵਲ ਹਸਪਤਾਲ ਦੇ ਡਾਕਟਰ ਨਾਲ ਕੀਤੀ ਕੁੱਟਮਾਰ ਦੇ ਰੋਸ ਵਜੋਂ ਫਗਵਾੜਾ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ ਨੇ ਓ.ਪੀ.ਡੀ. ਸੇਵਾਵਾਂ ਅਨਿਸਚਿਤਕਾਲ ਲਈ ਬੰਦ ਕਰਕੇ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਹੀ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਡਾਕਟਰ ਨਾਲ ਕੁੱਟਮਾਰ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਡਿਊਟੀ ਨਿਭਾਅ ਰਹੇ ਡਾਕਟਰਾਂ ਦੀ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਡਾਕਟਰ ਸਹਿਬਾਨ ਕਿਸੇ ਭੈਅ ਅਤੇ ਡਰ ਤੋਂ ਆਪਣੀ ਡਿਊਟੀ ਨੂੰ ਨਿਭਾਅ ਸਕਣ।ਇਸ ਮੌਕੇ ਉਕਤ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਡਾਕਟਰ ਜੇਤਲੀ ਨਾਲ ਮਾਰਕੁੱਟ ਕਰਨ ਵਾਲਿਆਂ ਤੇ ਸਖਤ ਕਾਰਵਾਈ ਦੇ ਭਰੋਸੇ ´ਤੇ ਸਿਵਲ ਹਸਪਤਾਲ ਫਗਵਾੜਾ ਦੇ ਸਮੁੱਚੇ ਡਾਕਟਰਾਂ ਨੇ ਧਰਨਾ ਖਤਮ ਕਰ ਦਿੱਤਾ ਤੇ ਆਪਣੀਆਂ ਡਿਊਟੀਆਂ ´ਤੇ ਵਾਪਸ ਆ ਗਏ ।







