ਹੋਲੀ ਸਿਟੀ ਵਾਸੀਆਂ ਵਲੋਂ ਕਿਸਾਨ ਸੰਘਰਸ਼ ਦੀ ਵਰੇਗੰਢ ਮੌਕੇ ਸ਼ਹੀਦ ਕਿਸਾਨਾਂ ਦੀ ਯਾਦ ‘ਚ ਕੱਢਿਆ ਕੈਂਡਲ ਮਾਰਚ
ਅੰਮ੍ਰਿਤਸਰ,26 ਨਵੰਬਰ(ਬਿਊਰੋ) : ਹੋਲੀ ਸਿਟੀ ਫਾਰਮਰਜ਼ ਗਰੁੱਪ ਵਲੋਂ ਕਿਸਾਨ ਸੰਘਰਸ਼ ਦੀ ਵਰੇਗੰਢ ਮਨਾਉਂਦਿਆਂ ਸੰਘਰਸ਼ ਦੌਰਾਨ ਸ਼ਹਾਦਤਾਂ ਦਾ ਜਾਮ ਪੀ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਕਿਸਾਨਾਂ ਵਲੋਂ ਸ਼ਹੀਦ ਕਿਸਾਨਾਂ ਨੂੰ ਲਾਲ ਸਲਾਮ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਕਿਸਾਨਾਂ ਵਿੱਚ ਜਿਥੇ ਕਾਲੇ ਕਾਨੂੰਨ ਵਾਪਸ ਹੋਣ ਦੀ ਖੁਸ਼ੀ ਸੀ ਉਥੇ ਆਪਣੇ ਵਿੱਛੜੇ ਸਾਥੀਆਂ ਦਾ ਦਰਦ ਵੀ ਛਲਕ ਰਿਹਾ ਸੀ।
ਹੋਲੀ ਸਿਟੀ ਫਾਰਮਰਜ਼ ਗਰੁੱਪ ਦੇ ਆਗੂ ਰਾਜਨ ਮਾਨ, ਗੁਰਦੇਵ ਸਿੰਘ ਮਾਹਲ, ਡਾਕਟਰ ਬਿਕਰਮਜੀਤ ਸਿੰਘ ਬਾਜਵਾ, ਡਾ.ਡੀ ਪੀ ਸਿੰਘ , ਡਾ. ਪਰਮਿੰਦਰ ਕੌਰ, ਡਾ. ਅੈਨ ਪੀ ਅੈਸ ਸੈਣੀ, ਅੈਚ ਅੈਸ ਘੁੰਮਣ, ਡਾ. ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਰਜਿਸਟਰਾਰ ਨੇ ਕਿਹਾ ਕਿ ਅੱਜ ਇਹ ਜਿੱਤ ਦਾ ਸਿਹਰਾ ਸਾਡੇ ਸ਼ਹੀਦ ਹੋਏ ਕਿਸਾਨਾਂ ਨੂੰ ਜਾਂਦਾ ਹੈ ਜਿੰਨਾ ਨੇ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਸ਼ਹਾਦਤਾਂ ਦਾ ਜਾਮ ਪੀ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਡਟੇ ਰਹੇ ਵਾਂਗ ਚੱਟਾਨ ਦੇ; ਤੂੰ ਸਾਰੇ ਹੱਥਕੰਡੇ ਅਪਣਾ ਕੇ ਸਾਡੇ ਹੌਸਲੇ ਢਾਹੁਣ ਦੀ ਨਾਕਾਮ ਕੋਸ਼ਿਸ਼ ਕਰਕੇ ਵੇਖ ਲਿਆ ਪਰ ਜਿੱਤ ਸਾਡੇ ਹੌਂਸਲੇ ਅਤੇ ਸਬਰ ਦੀ ਹੋਈ ਏ। ਯਾਦ ਰੱਖੀਂ ਸਾਡੀ ਸੂਰਬੀਰਤਾ, ਸਹਿਣਸ਼ੀਲਤਾ ਦੇ ਸੋਹਿਲੇ ਸਦੀਆਂ ਤੱਕ ਗਾਏ ਜਾਣਗੇ। ਉਹਨਾਂ ਕਿਹਾ ਕਿ ਲਿਖਾਂਗੇ ਇਤਿਹਾਸ ਯਾਦਾਂ ਦੀ ਸਿਆਹੀ ਨਾਲ ਸੁਨਹਿਰੀ ਪੰਨਿਆਂ ‘ਤੇ ਜ਼ਿਕਰ ਤੇਰੇ ਜ਼ੁਲਮ ਦਾ ਵੀ ਹੋਵੇਗਾ ਪਰ ਕਾਲ਼ੇ ਪੰਨਿਆਂ ‘ਤੇ। ਭੁੱਲਣਾ ਨਹੀਂ ਹਾਕਮਾਂ ਤੇਰੀ ਦਰਿੰਦਗੀ ਦਾ ਹਰ ਵਾਰ ਸਾਨੂੰ ਪਰ ਭੁੱਲਣਾ ਸਬਰ ਵੀ ਨਹੀਂ ਸਾਨੂੰ ਆਪਣੇ ਯੋਧਿਆਂ ਦਾ। ਚੀਸ ਬਣ ਚੀਰਦਾ ਰਹੇਗਾ , ਵਿਛੋੜੇ ਦਾ ਦਰਦ ਸਾਨੂੰ ਸਾਡੇ ਸ਼ਹੀਦ ਯੋਧਿਆਂ ਦਾ। ਜੋ ਬੂਟਾ ਸੰਘਰਸ਼ ਦਾ ਲਾਇਆ ਸੀ ਸ਼ਹਾਦਤਾਂ ਦੇ ਖੂਨ ਨਾਲ ਸਿੰਜ ਕੇ ਅੱਜ ਫ਼ਲ ਪਿਆ ਹੈ ਉਸਨੂੰ ਜਿੱਤ ਦੇ ਸਿਹਰਿਆਂ ਦਾ। ਅੱਜ ਰੋਂਦੀਆਂ ਨੇ ਬਰੂਹਾਂ ਜਿਥੋਂ ਤੈਨੂੰ ਲਲਕਾਰਦੇ ਇੱਕ ਵਰ੍ਹਾ ਪਹਿਲਾਂ ਘਰਾਂ ਤੋਂ ਤੁਰੇ ਸੀ , ਉਹ ਯੋਧੇ। ਭੁੱਲਣੇ ਨਹੀਂ ; ਜੋ ਕਿਸਾਨੀ ਦਾ ਝੰਡਾ ਲਹਿਰਾਉਂਦੇ ਘਰਾਂ ਤੋਂ ਨਿਕਲੇ ਸੀ ਤੇ ਸ਼ਹਾਦਤ ਦਾ ਜਾਮ ਪੀ ਕੇ ਝੰਡੇ ਵਿੱਚ ਲਿਪਟ ਕੇ ਘਰਾਂ ਨੂੰ ਆ ਗਏ। ਉਹਨਾਂ ਕਿਹਾ ਕਿ ਸੰਨ ’47 ਵਾਂਗ ਇਹ ਜ਼ਖ਼ਮ ਵੀ ਸਾਡੇ ਕਦੇ ਭਰਨੇ ਨਹੀਂ; ਤੂੰਂ ਜ਼ੁਲਮ ਦੀ ਇੰਤਹਾ ਕੀਤੀ ਪਰ ਵੇਖ ਸਾਡੇ ਸਬਰ ਅਤੇ ਸਿਦਕ ਅੱਗੇ ਤੇਰਾ ਜ਼ੁਲਮ ਹਾਰ ਗਿਆ। ਤੈਨੂੰ ਗ਼ਰੂਰ ਸੀ ਕਿ ਮੇਰੇ ਜਬਰ ਅੱਗੇ ਇਹ ਨਿਤਾਣੇ ਲੋਕ ਨਹੀਂ ਟਿਕ ਸਕਦੇ ਪਰ ਇਹ ਗੁਰੂਆਂ ਦੀ ਥਾਪੀ ਕੌਮ, ਸਿਰਲੱਥ ਯੋਧੇ ਆਪਣੇ ਖ਼ੂਨ ਦਾ ਇੱਕ-ਇੱਕ ਕਤਰਾ ਵਹਾ ਕੇ; ਆਪਣੇ ਆਖ਼ਰੀ ਸਾਹ ਤੱਕ ਅਡੋਲ ਰਹਿਣ ਦਾ ਹੁਨਰ ਜਾਣਦੇ ਹਨ। ਉੱਠਿਆ ਕਰੇਂਗਾ ਰਾਤਾਂ ਨੂੰ ਬੁੜਾ ਕੇ ਤੂੰਂ ਜਦ ਸਾਡੇ ਹੌਂਸਲੇ ਤੇ ਸਬਰ ਦਾ ਖੁਆਬ ਵੇਖੇਂਗਾ। ਉਹਨਾਂ ਕਿਹਾ ਕਿ ਮੋਦੀ ਹਕੂਮਤ ਨੇ ਸਾਡੇ ਸਾਂਝੇ ਸੰਗਮ ਨੂੰ ਬਲ ਅਤੇ ਛਲ ਦੋਨੇ ਢੰਗਾਂ ਨਾਲ ਪਾੜ੍ਹਨ ਖਿੰਡਾਉਣ ਦੀ ਪੂਰੀ ਵਾਹ ਲਾਈ ਹੈ, ਪਰ ਸੂਝਵਾਨ ਲੀਡਰਸ਼ਿਪ ਅਤੇ ਪੰਜਾਬ ਤੋਂ ਚੱਲਕੇ ਮੁਲਕ ਪੱਧਰ ਤੱਕ ਪਸਾਰ ਕਰ ਚੁੱਕੇ ਕਿਸਾਨ/ਲੋਕ ਸੰਘਰਸ਼ ਨੇ ਸਿਦਕ, ਨਿਡਰਤਾ, ਸੰਜਮ, ਠਰੰਮੇ, ਜਾਬਤੇ ਨਾਲ ਟਾਕਰਾ ਕਰਕੇ ਪੜਾਛਣ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਨੇ ਮੁਲਕ ਦੀਆਂ ਹੱਦਾਂ ਬੰਨ੍ਹੇ ਟੱਪਕੇ ਸੰਸਾਰ ਪੱਧਰ ਦੇ ਜੂਝ ਰਹੇ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਤਬਕਿਆਂ ਲਈ ਨਵੀਂ ਆਸ ਦੀ ਕਿਰਨ ਪੈਦਾ ਕੀਤੀ ਹੈ।
ਅੱਜ ਦਿੱਲੀ ਮੋਰਚੇ ਅਤੇ ਸਥਾਨਕ ਧਰਨਿਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਵਾਲੇ 700 ਤੋਂ ਵਧੇਰੇ ਸ਼ਹੀਦ ਹੋਏ ਯੋਧਿਆਂ, ਜਿਨ੍ਹਾਂ ਦੀ ਸ਼ਹਾਦਤ ਸਦਕਾ ਮੋਦੀ ਹਕੂਮਤ ਨੂੰ ਤਿੰਨੇ ਕਾਲੇ ਕਾਨੂੰਂ ਰੱਦ ਕਰਨ ਦਾ ਕੌੜਾ ਘੁੱਟ ਭਰਨਾ ਪਿਆ ਹੈ ਉਨ੍ਹਾਂ ਯੋਧਿਆਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਇਹ ਸ਼ਹੀਦ ਮਰਕੇ ਵੀ ਅਮਰ ਹੋ ਗਏ ਹਨ। ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਸ਼ਹੀਦਾਂ ਦੀ ਕਰਬਾਨੀ ਨੂੰ ਯਾਦ ਰੱਖਣਗੀਆਂ।
ਇਸ ਮੌਕੇ ‘ਤੇ ਰਾਜਬੀਰ ਸਿੰਘ ਸੰਧੂ, ਡਾ. ਦਲਬੀਰ ਸਿੰਘ ਸੋਗੀ, ਮਨਜੀਤ ਸਿੰਘ ਭੁੱਲਰ, ਸੁਖਵੰਤ ਸਿੰਘ ਭੁੱਲਰ, ਸਤਨਾਮ ਭੁੱਲਰ, ਦਿਲਬਾਗ ਸਿੰਘ ਸੋਹਲ, ਭਗਵੰਤ ਭਿੰਡਰ, ਦਰਸ਼ਨ ਸਿੰਘ ਬਾਠ, ਹਰਜਿੰਦਰ ਸਿੰਘ ਖਹਿਰਾ,ਮਹਿੰਦਰ ਸਿੰਘ ਜੱਸਲ, ਕੇਵਲ ਸਿੰਘ, ਵਿਜੇ ਸ਼ਰਮਾਂ, ਸੰਦੀਪ ਸਿੰਘ ਬਾਜਵਾ, ਨਵਦੀਪ ਸਿੰਘ ਸੇਖੋਂ, ਹਰਪ੍ਰੀਤ ਸਿੰਘ ਸੋਚ, ਲਾਲੀ ਸਹਿਬਾਜ਼ਪੁਰੀ, ਅਮੋਲਕ ਸਿੰਘ ਮਾਨ ਆਦਿ ਹਾਜ਼ਰ ਸਨ।