ਗੜ੍ਹਸ਼ੰਕਰ, 4 ਜਨਵਰੀ (ਅਸ਼ਵਨੀ ਸ਼ਰਮਾ)– ਗੜ੍ਹਸ਼ੰਕਰ ਨੇੜੇ 3 ਕਾਰ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ 2 ਪੈਟਰੋਲ ਪੰਪਾਂ ਨੂੰ ਲੁੱਟ ਦਾ ਸਮਾਚਾਰ ਮਿਲਿਆ ਹੈ। ਲੁਟੇਰਿਆਂ ਨੇ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਪਿੰਡ ਕੁੱਲੇਵਾਲ ‘ਚ ਸਥਿਤ ਮੇਜਰ ਫਿਲਿੰਗ ਸਟੇਸ਼ਨ ‘ਤੇ ਪਿਸਤੌਲ ਦੀ ਨੋਕ ‘ਤੇ ਡੀਜ਼ਲ ਪਵਾਉਣ ਉਪਰੰਤ ਨਕਦੀ ਅਤੇ ਮੋਬਾਈਲ ਫ਼ੋਨ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਵਿਚ ਗੜ੍ਹਸ਼ੰਕਰ ਦੇ ਨਵਾਂਸ਼ਹਿਰ ਰੋਡ ‘ਤੇ ਪਿੰਡ ਦਾਰਾਪੁਰ ਵਿਖੇ ਸਥਿਤ ਜਗਦੀਸ਼ ਫਿਲਿੰਗ ਸਟੇਸ਼ਨ ਤੋਂ ਨਕਦੀ ਲੁੱਟੀ ਤੇ ਗੋਲੀ ਵੀ ਚਲਾਈ | ਸ੍ਰੀ ਅਨੰਦਪੁਰ ਸਾਹਿਬ ਨੇੜੇ ਪਿੰਡ ਗੋਗੋਂ ਤੇ ਬੋੜਾ ਵਿਚਕਾਰ ਕੁੱਲੇਵਾਲ ਦੇ ਰਕਬੇ ‘ਚ ਪੈਂਦੇ ਮੇਜਰ ਫਿਲਿੰਗ ਸਟੇਸ਼ਨ ਦੇ ਸੇਲਜ਼ਮੈਨ ਕ੍ਰਿਸ਼ਨ ਲਾਲ ਪੁੱਤਰ ਮਹਿੰਗਾ ਰਾਮ ਵਾਸੀ ਗੜ੍ਹਸ਼ੰਕਰ ਨੇ ਦੱਸਿਆ ਕਿ ਮੈਂ ਸ਼ਾਮ ਕਰੀਬ 5.30 ਕੁ ਵਜੇ ਪੰਪ ‘ਤੇ ਆਪਣੇ ਸਾਥੀ ਸ਼ੁਭਮ ਨਾਲ ਡਿਊਟੀ ‘ਤੇ ਹਾਜ਼ਰ ਸੀ | ਇਸ ਦੌਰਾਨ ਚਿੱਟੇ ਰੰਗ ਦੀ ਈਟੀਓਸ ਕਾਰ ਆਈ ਜਿਸ ਵਿਚ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਨੇ ਇਕ ਹਜ਼ਾਰ ਰੁਪਏ ਦਾ ਡੀਜ਼ਲ ਪਵਾਇਆ ਤੇ ਕਾਰ ਵਿਚੋਂ ਉਤਰ ਕੇ ਸਾਨੂੰ ਜ਼ਬਰਦਸਤੀ ਦਫ਼ਤਰ ਵਿਚ ਲੈ ਗਏ ਤੇ ਮੇਰੀ ਜੇਬ ਵਿਚੋਂ 5500 ਰੁਪਏ ਕੱਢ ਲਏ ਤੇ ਜਾਂਦੇ ਹੋਏ ਸ਼ੁਭਮ ਦਾ ਮੋਬਾਈਲ ਫ਼ੋਨ ਵੀ ਲੈ ਗਏ | ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਕ ਵਿਅਕਤੀ ਦੇ ਹੱਥ ਵਿਚ ਪਿਸਤੌਲ ਸੀ ਤੇ ਉਨ੍ਹਾਂ ਨੇ ਸ਼ੁਭਮ ਦੇ ਚਪੇੜਾਂ ਵੀ ਮਾਰੀਆਂ ਤੇ ਘਟਨਾ ਨੂੰ ਅੰਜਾਮ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਫ਼ਰਾਰ ਹੋ ਗਏ | ਨਵਾਂਸ਼ਹਿਰ ਰੋਡ ‘ਤੇ ਪਿੰਡ ਦਾਰਾਪੁਰ ਵਿਖੇ ਸਥਿਤ ਜਗਦੀਸ਼ ਫਿਲਿੰਗ ਸਟੇਸ਼ਨ ਦੇ ਸੇਲਜ਼ਮੈਨ ਰੋਹਿਤ ਕੁਮਾਰ ਪੁੱਤਰ ਸੁਨੀਲ ਪ੍ਰਸਾਦ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਸ਼ਾਮ 7.15 ਕੁ ਵਜੇ ਆਪਣੇ ਦੂਜੇ ਸਾਥੀ ਅਜੀਤ ਕੁਮਾਰ ਨਾਲ ਪੰਪ ‘ਤੇ ਮੌਜੂਦ ਸੀ ਜਿਸ ਦੌਰਾਨ ਇਕ ਚਿੱਟੇ ਰੰਗ ਦੀ ਈਟੀਓਸ ਕਾਰ ਆਈ ਜਿਸ ਵਿਚ ਸਵਾਰ ਤਿੰਨੋਂ ਵਿਅਕਤੀ ਕਾਰ ਵਿਚੋਂ ਥੱਲੇ ਆ ਗਏ ਤੇ ਉਹ ਮੈਨੂੰ ਧੱਕੇ ਨਾਲ ਦਫ਼ਤਰ ਵਿਚ ਲੈ ਗਏ ਤੇ ਹੱਥਾਂ ਵਿਚ ਫੜ੍ਹੀਆਂ ਤਲਵਾਰਾਂ ਦਿਖਾ ਕੇ ਬੈਗ ਵਿਚੋਂ 2 ਹਜ਼ਾਰ ਦੀ ਨਕਦੀ ਕੱਢੀ ਤੇ ਇਕ ਨੇ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ ਗੋਲੀ ਵੀ ਚਲਾਈ ਜੋ ਸ਼ੀਸ਼ੇ ਵਿਚ ਲੱਗੀ ਅਤੇ ਲੁਟੇਰੇ ਤੇਲ ਵਾਲੀਆਂ ਮਸ਼ੀਨਾਂ ਦੀ ਭੰਨ-ਤੋੜ ਕਰਕੇ ਨਵਾਂਸ਼ਹਿਰ ਵੱਲ ਨੂੰ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਸੀ.ਸੀ.ਟੀ.ਵੀ. ਦੀਆਂ ਫੁਟੇਜ਼ ਲੈ ਕੇ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ ਹੈ |
ਵੱਡੀ ਖਬਰ.. ਕਾਰ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ 2 ਪੈਟਰੋਲ ਪੰਪਾਂ ‘ਤੇ ਕੀਤੀ ਲੁੱਟ
- Post published:January 4, 2022