ਮੱਛੀ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਛੱਪੜਾਂ ’ਚ ਮੱਛੀਆਂ ਦੇ ਉਤਪਾਦਨ ਨੂੰ ਵਧਾਉਣ ਦਾ ਕੀਤਾ ਜਾਵੇ ਹਰ ਸੰਭਵ ਯਤਨ : ਮਦਨ ਮੋਹਨ
ਡਾਇਰੈਕਟਰ ਮੱਛੀ ਪਾਲਣ ਨੇ ਵਰਲਡ ਫਿਸ਼ਰੀਜ਼ ਡੇਅ ’ਤੇ ਮੱਛੀ ਪਾਲਕ ਕਿਸਾਨਾਂ ਨੂੰ ਕੀਤਾ ਸੰਬੋਧਨ
ਮੱਛੀ ਪੂੰਗ ਫਾਰਮ ਹਰਿਆਣਾ ’ਚ ਮਨਾਇਆ ਗਿਆ ਵਰਲਡ ਫਿਸ਼ਰੀਜ਼ ਡੇਅ
ਹੁਸ਼ਿਆਰਪੁਰ, 22 ਨਵੰਬਰ(ਬਿਊਰੋ) : ਡਾਇਰੈਕਟਰ ਮੱਛੀ ਪਾਲਣ ਮਦਨ ਮੋਹਨ ਨੇ ਮੱਛੀ ਪਾਲਕ ਕਿਸਾਨਾਂ ਨੂੰ ਮੱਛੀ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਛੱਪੜਾਂ ਵਿਚ ਮੱਛੀ ਦੇ ਉਤਪਾਦਨ ਨੂੰ ਵਧਾਉਣ ਦੇ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਵਿਭਾਗ ਕਿਸਾਨਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕਰਨ ਲਈ ਹਰ ਸਮੇਂ ਤਿਆਰ ਹੈ। ਉਹ ਵਰਲਡ ਫਿਸ਼ਰੀਜ਼ ਡੇਅ ’ਤੇ ਮੱਛੀ ਪੂੰਗ ਫਾਰਮ ਹਰਿਆਣਾ ਵਿਚ ਆਯੋਜਿਤ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਸਹਾਇਕ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਣ ਵਿਕਾਸ ਏਜੰਸੀ ਹਰਿਆਣਾ ਜਸਵੀਰ ਸਿੰਘ ਵੀ ਮੌਜੂਦ ਸਨ। ਇਸ ਵਰਲਡ ਫਿਸ਼ਰੀਜ਼ ਡੇਅ ’ਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਭਾਰੀ ਗਿਣਤੀ ਵਿਚ ਮੱਛੀ ਪਾਲਣ ਕਿਸਾਨ ਸ਼ਾਮਲ ਹੋਏ।
ਡਾਇਰੈਕਟਰ ਮੱਛੀ ਪਾਲਣ ਨੇ ਵਰਲਡ ਫਿਸ਼ਰੀਜ਼ ਡੇਅ ਦੌਰਾਨ ਸਰਕਾਰ ਵਲੋਂ ਮੱਛੀ ਪਾਲਣ ਦੇ ਵਿਕਾਸ ਲਈ ਨਵੀਂ ਸ਼ੁਰੂ ਕੀਤੀ ਗਈ ਸਕੀਮ ਪ੍ਰਧਾਨ ਮੰਤਰੀ ਮਤਸੱਯ ਸੰਪਦਾ ਯੋਜਨਾ-2021-22 ਤਹਿਤ ਮੱਛੀ ਪਾਲਣ ਵਿਭਾਗ ਸਕੀਮ ਤਹਿਤ ਲਾਭਪਾਤਰੀ ਆਧਾਰਤ ਪ੍ਰੋਜੈਕਟਾਂ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਲਈ ਯੂਨਿਟ ਕਾਸਟ ਦੀ 40 ਪ੍ਰਤੀਸ਼ਤ ਤੇ ਐਸ.ਸੀ., ਐਸ.ਟੀ. ਮਹਿਲਾਵਾਂ ਤੇ ਉਨ੍ਹਾਂ ਦੀ ਸਹਿਕਾਰੀ ਸੰਸਥਾਵਾਂ ਲਈ ਯੂਨਿਟ ਕਾਸਟ ਦੀ 60 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਤੇ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਹਰਿਆਣਾ ਜਸਵੀਰ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਸਬੰਧੀ ਸਰਕਾਰੀ ਯੋਜਨਾ ਦੀ ਜਾਣਕਾਰੀ ਲਈ ਉਨ੍ਹਾਂ ਦੇ ਦਫ਼ਤਰ ਵਿਚ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਮੱਛੀ ਪ੍ਰਸਾਰ ਅਧਿਕਾਰੀ ਰੋਹਿਤ ਬਾਂਸਲ ਤੇ ਫਾਰਮ ਸੁਪਰੰਡੈਂਟ ਮਨਦੀਪ ਕੌਰ ਨੇ ਵਿਭਾਗ ਵਿਚ ਚਲ ਰਹੀ ਤੇ ਨਵੀਂ ਲਾਂਚ ਹੋਈਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਦਾ ਲਾਭ ਲੈਣ ਲਈ ਮੱਛੀ ਕਿਸਾਨਾਂ ਨੂੰ ਅਪੀਲ ਕੀਤੀ। ਇਸ ਮੌਕੇ ਮੱਛੀ ਪ੍ਰਸਾਰ ਅਧਿਕਾਰੀ ਅਮਰਦੀਪ ਸਿੰਘ, ਰੇਸ਼ਮ ਸਿੰਘ, ਕੁਲਵਿੰਦਰ ਰਾਮ ਵੀ ਮੌਜੂਦ ਸਨ।