* ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਛਿੱਕੇ ਟੰਗ ਰਹੇ ਨੇ ਰੇਤ ਮਾਫੀਆ *
ਹੁਸ਼ਿਆਰਪੁਰ, 29 ਨਵੰਬਰ( ਬਿਊਰੋ )– ਥਾਣਾ ਮੇਹਟੀਆਣਾ ਅਧੀਨ ਪੈਂਦੇ ਇਲਾਕੇ ਵਿੱਚ ਪਿੰਡ ਤਾਜੋਵਾਲ ਵਿਖੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਗੈਰ-ਕਨੂੰਨੀ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ। ਵਿਭਾਗ ਦੀ ਮਿਲੀ ਭੁਗਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਬੰਧਿਤ ਵਿਭਾਗ ਦੇ ਐੱਸ.ਡੀ.ਓ. ਕਰਨਵੀਰ ਸਿੰਘ ਨੂੰ ਪਿਛਲੇ ਇੱਕ ਮਹੀਨੇ ਤੋਂ ਮੌਕੇ ਤੇ ਦਿੱਤੀ ਜਾ ਰਹੀ ਸੂਚਨਾ ਦੇ ਬਾਵਜੂਦ ਵੀ ਐੱਸ.ਡੀ.ਓ. ਵੱਲੋਂ ਰੇਤ ਮਾਫੀਆ ਤੇ ਕਾਰਵਾਈ ਕਰਵਾਉਣ ਦੀ ਬਜਾਏ ਮੌਕੇ ਤੇ ਪਹੁੰਚਣ ਲਈ ਆਨਾਕਾਨੀ ਕੀਤੀ ਗਈ। ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲਾ ਪਿੰਡ ਸਸੋਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਪਿੰਡ ਤਾਜੋਵਾਲ ਅਧੀਨ ਪੈਂਦੀ ਜ਼ਮੀਨ ਵਿੱਚੋਂ ਰੇਤ ਮਾਫ਼ੀਆ ਵੱਲੋਂ ਸ਼ਰ੍ਹੇਆਮ ਦਿਨ ਦਿਹਾੜੇ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਦੀ ਸੂਚਨਾ ਪਹਿਲਾਂ ਮਾਈਨਿੰਗ ਇੰਸਪੈਕਟਰ ਮਨਪ੍ਰੀਤ ਸਿੰਘ ਅਤੇ ਮਹਿਲਾ ਇੰਸਪੈਕਟਰ ਕੋਮਲ ਨੂੰ ਦਿੱਤੀ ਗਈ। ਸੂਚਨਾ ਦੇਣ ਤੇ ਉਕਤ ਅਧਿਕਾਰੀਆਂ ਵੱਲੋਂ ਰੀਡ ਕਰਨ ਲਈ ਜਾਣ ਬੁੱਝ ਕੇ ਦੇਰੀ ਕੀਤੀ ਗਈ। ਜਿਸ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਉਕਤ ਅਧਿਕਾਰੀ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਅਗਲੀ ਵਾਰ ਫਿਰ ਤੋਂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਦੀ ਸੂਚਨਾ ਪੱਤਰਕਾਰਾਂ ਵੱਲੋਂ ਐਨ ਮੌਕੇ ਐੱਸ.ਡੀ.ਓ. ਕਰਨਵੀਰ ਸਿੰਘ ਨੂੰ ਦਿੱਤੀ ਗਈ। ਪ੍ਰੰਤੂ ਉਸ ਨੇ ਅੱਗੋਂ ਆਨਾਕਾਨੀ ਕਰਦਿਆਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਅਵੇਲੇਬਲ ਹੋਇਆ ਤਾਂ ਭੇਜ ਦਿੰਦੇ ਹਾਂ। ਉਸ ਦਿਨ ਸਾਰਾ ਦਿਨ ਗੈਰਕਾਨੂੰਨੀ ਮਾਈਨਿੰਗ ਚੱਲਦੀ ਰਹੀ। ਮੇਹਟੀਆਣਾ ਇਲਾਕੇ ਵਿਚ ਹੋਰ ਵੀ ਕਈ ਥਾਂ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਅਤੇ ਗੈਰਕਾਨੂੰਨੀ ਮਾਈਨਿੰਗ ਕਰਕੇ ਰੇਤ ਦੀਆਂ ਭਰੀਆਂ ਟਰਾਲੀਆਂ ਇੱਧਰ ਉੱਧਰ ਜਾਂਦੀਆਂ ਅਕਸਰ ਹੀ ਦਿਖਾਈ ਦਿੰਦੀਆਂ ਹਨ। ਪ੍ਰੰਤੂ ਵਿਭਾਗ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜਾਣਕਾਰੀ ਮੁਤਾਬਕ ਵਾਰ-ਵਾਰ ਵਿਭਾਗ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਅੱਜ ਵੀ ਰੇਤ ਮਾਫੀਆ ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਤੋਂ ਬੇਖੌਫ਼ ਹੋ ਕੇ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਧੜੱਲੇ ਨਾਲ ਕਰ ਰਿਹਾ ਹੈ। ਮਿਲੀਭੁਗਤ ਕਰਨ ਵਾਲੇ ਇਹਨ੍ਹਾਂ ਮਾਈਨਿੰਗ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਜੋ ਕਿ ਰੇਤ ਮਾਫੀਆ ਦਾ ਸਾਥ ਦੇ ਕੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।