ਦਸੂਹਾ 1 ਨਵੰਬਰ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵਿੱਚ ਇੰਟਰ ਡਿਪਾਰਟਮੈਂਟ ਯੂਥ ਫੈਸਟੀਵਲ ਦੌਰਾਨ ਅੱਜ ਪੰਜਾਬ ਦਾ ਰਵਾਇਤੀ ਲੋਕ ਨਾਚ “ਭੰਗੜੇ” ਦਾ ਜੋਸ਼ ਭਰਿਆ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਨੇ ਕਾਲਜ ਕੈਂਪਸ ਨੂੰ ਊਰਜਾ, ਤਾਲੀਆਂ ਅਤੇ ਡੋਲਾਂ ਦੀਆਂ ਝੰਕਾਰਾਂ ਨਾਲ ਗੂੰਜਾ ਦਿੱਤਾ। ਵਿਦਿਆਰਥੀਆਂ ਨੇ ਆਪਣੀ ਜਵਾਨੀ ਦੇ ਜੋਸ਼, ਉਤਸ਼ਾਹ ਅਤੇ ਰਿੱਧਮ ਨਾਲ ਮੰਚ ਨੂੰ ਹਿਲਾ ਦਿੱਤਾ। ਕੁਮਾਰ ਆਡੀਟੋਰੀਅਮ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਵਿਦਆਰਥੀਆਂ ਨੇ ਹਰ ਟੀਮ ਦੇ ਪ੍ਰਦਰਸ਼ਨ ਨੂੰ ਤਾਲੀਆਂ ਅਤੇ ਹੌਂਸਲਾ ਅਫਜ਼ਾਈ ਨਾਲ ਪ੍ਰਸ਼ੰਸਿਤ ਕੀਤਾ।ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ। ਇਨ੍ਹਾਂ ਵਿੱਚ ਆਈ.ਟੀ. ਵਿਭਾਗ ਦੀ ਟੀਮ ‘ਬਾਜ਼’, ਮੈਨੇਜਮੈਂਟ ਵਿਭਾਗ ਦੀ ਟੀਮ ‘ਰੌਣਕ’ ਅਤੇ ਫੈਸ਼ਨ ਵਿਭਾਗ ਦੀ ਟੀਮ ‘ਝੂਮਰ’ ਨੇ ਹਿੱਸਾ ਲਿਆ। ਹਰ ਟੀਮ ਨੇ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੂਹ ਅਤੇ ਜਵਾਨੀ ਦੀ ਤਾਕਤ ਦਾ ਪ੍ਰਤੀਕ ਸੁੰਦਰ ਢੰਗ ਨਾਲ ਪੇਸ਼ ਕੀਤਾ। ਖ਼ਾਸ ਗੱਲ ਇਹ ਰਹੀ ਕਿ ਫੈਸ਼ਨ ਡਿਜ਼ਾਈਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਵੀ ਆਪਣੇ ਭੰਗੜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਚ ਨੂੰ ਰੰਗਾਂ, ਸੁਰਾਂ ਅਤੇ ਉਤਸ਼ਾਹ ਨਾਲ ਭਰ ਦਿੱਤਾ। ਉਨਾਂ ਦੀ ਇਸ ਭਾਗੀਦਾਰੀ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾਇਆ। ਡਾ. ਮਾਨਵ ਸੈਣੀ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਪਣੀ ਮੂਲ ਸੱਭਿਆਚਾਰਕ ਵਿਰਾਸਤ ਪ੍ਰਤੀ ਮਾਣ, ਜੋਸ਼ ਅਤੇ ਗੌਰਵ ਦੀ ਭਾਵਨਾ ਪੈਦਾ ਕਰਨਾ ਸੀ। ਕਾਲਜ ਦੇ ਚੇਅਰਮੈਨ ਸ਼੍ਰੀ ਕੁਮਾਰ ਸੈਣੀ ਨੇ ਸਾਰੇ ਭਾਗੀਦਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀਆਂ ਜੜਾਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਵਿੱਚ ਟੀਮ ਸਪਿਰਿਟ, ਅਨੁਸ਼ਾਸਨ ਅਤੇ ਖੁਦ ’ਤੇ ਵਿਸ਼ਵਾਸ ਪੈਦਾ ਕਰਦੇ ਹਨ। ਕਾਲਜ ਦੇ ਐਚ.ਓ.ਡੀ. ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਨੇ ਕਾਲਜ ਦੇ ਮਾਹੌਲ ਨੂੰ ਤਿਉਹਾਰੀ ਰੰਗਾਂ ਨਾਲ ਭਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਯੂਥ ਫੈਸਟੀਵਲ ਦੌਰਾਨ ਹੋਏ ਸਾਰੇ ਸੱਭਿਆਚਾਰਕ ਤੇ ਕਲਾਤਮਕ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਦੇ ਨਤੀਜੇ 3 ਨਵੰਬਰ ਨੂੰ ਸਮਾਪਨ ਸਮਾਰੋਹ ਦੌਰਾਨ ਘੋਸ਼ਿਤ ਕੀਤੇ ਜਾਣਗੇ ਅਤੇ ਜੇਤੂ ਨੂੰ ਟ੍ਰਾਫੀ ਦੇ ਕੇ ਸਮਾਨਿਤ ਕੀਤਾ ਜਾਵੇਗਾ।ਫੈਸਟੀਵਲ ਦੌਰਾਨ ਕਾਲਜ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਵੱਡੀ ਹਾਜ਼ਰੀ ਰਹੀ, ਜਦਕਿ ਡੋਲਾਂ ਦੀਆਂ ਝੰਕਾਰਾਂ ਤੇ ਤਾਲੀਆਂ ਦੇ ਗੜਗੜਾਹਟ ਨਾਲ ਮਾਹੌਲ ਖੁਸ਼ੀ ਤੇ ਜੋਸ਼ ਨਾਲ ਗੂੰਜਦਾ ਰਿਹਾ, ਜਿਸ ਨਾਲ ਸਮਾਰੋ ਪੰਜਾਬੀ ਲੋਕ ਸੱਭਿਆਚਾਰ ਦੀ ਜੀਵਨਤ ਤਸਵੀਰ ਬਣ ਗਿਆ।








