ਸੂਬਾ ਵਾਸੀਆਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਸ. ਚੰਨੀ ਨੇ ਕਈ ਲੀਹੋਂ-ਹਟਵੇਂ ਫੈਸਲੇ ਲਏ – ਮੇਅਰ ਸੁੱਖ ਤੇਜਾ
ਬਿਜਲੀ ਬਕਾਏ ਮੁਆਫ਼ ਕਰਕੇ ਅਤੇ ਰੇਟ ਘੱਟ ਕਰਕੇ ਮੁੱਖ ਮੰਤਰੀ ਨੇ ਲੋਕਾਂ ਦੇ ਦਿਲ ਜਿੱਤੇ
ਬਟਾਲਾ, 3 ਦਸੰਬਰ (ਅਵਿਨਾਸ਼ ) – ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੀਤੇ ਦੋ ਮਹੀਨਿਆਂ ਵਿੱਚ ਲਏ ਵੱਖ-ਵੱਖ ਲੋਕ ਭਲਾਈ ਫੈਸਲਿਆਂ ਨੂੰ ਲਾਗੂ ਕਰਕੇ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਇਤਿਹਾਸਕ ਤੇ ਲੋਕ ਪੱਖੀ ਫੈਸਲਿਆਂ ਦਾ ਜਿਕਰ ਕਰਦਿਆਂ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਨੇ ਬਿਜਲੀ ਦੇ ਖੇਤਰ ਵਿਚ ਕਈ ਲੀਹੋਂ-ਹਟਵੇਂ ਫੈਸਲੇ ਲਏ ਹਨ ਜਿਨ੍ਹਾਂ ਵਿਚ 2 ਕਿਲੋਵਾਟ ਤੱਕ ਵਾਲੇ ਘਰੇਲੂ ਖਪਤਕਾਰਾਂ ਦੇ ਬਕਾਏ ਮੁਆਫ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ 20 ਲੱਖ ਪਰਿਵਾਰਾਂ ਨੂੰ 1500 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਇਸੇ ਤਰ੍ਹਾਂ 7 ਕਿਲੋਵਾਟ ਤੱਕ ਵਾਲੇ ਘਰੇਲੂ ਖਪਤਕਾਰਾਂ ਲਈ ਪ੍ਰਤੀ ਯੂਨਿਟ 3 ਰੁਪਏ ਦੀ ਕਟੌਤੀ ਕੀਤੀ ਗਈ ਜਿਸ ਨਾਲ 69 ਲੱਖ ਪਰਿਵਾਰਾਂ ਨੂੰ 3316 ਕਰੋੜ ਰੁਪਏ ਦੀ ਰਾਹਤ ਮਿਲੀ ਹੈ।
ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਖਰੀਦ ਸਮਝੌਤੇ ਵੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਸਬੰਧ ਵਿਚ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਜਬ ਦਰਾਂ ਉੱਤੇ ਨਿਰਵਿਘਨ ਬਿਜਲੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਸਰਕਾਰ ਨੇ 250 ਮੈਗਾਵਾਟ ਸੂਰਜੀ ਊਰਜਾ ਘੱਟ ਦਰਾਂ 2.33 ਰੁਪਏ ਤੋਂ 2.34 ਰੁਪਏ ਪ੍ਰਤੀ ਯੂਨਿਟ ਖਰੀਦਣ ਦਾ ਫੈਸਲਾ ਕੀਤਾ ਹੈ ਜਿਸ ਲਈ ਟੈਂਡਰ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਏ ਹਨ। ਸ. ਤੇਜਾ ਨੇ ਕਿਹਾ ਕਿ ਇਹ ਕੀਮਤਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨਾਲੋ 87 ਫੀਸਦੀ ਘੱਟ ਹਨ ਜੋ 17.91 ਰੁਪਏ ਪ੍ਰਤੀ ਯੂਨਿਟ ਸਨ।
ਮੇਅਰ ਸੁਖਦੀਪ ਸਿੰਘ ਤੇਜਾ ਨੇ ਅੱਗੇੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੇ ਬਕਾਏ ਮੁਆਫ ਕਰ ਦਿੱਤੇ ਗਏ ਹਨ ਜਿਸ ਨਾਲ 25 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਗਭਗ 700 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਇਸੇ ਤਰ੍ਹਾਂ ਸ਼ਹਿਰੀ ਜਲ-ਸਪਲਾਈ ਕੁਨੈਕਸ਼ਨਾਂ ਲਈ ਮਹੀਨਾਵਾਰ ਵਾਟਰ ਸਰਵਿਸ ਚਾਰਜਿਜ਼ ਵੀ 105-250 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਪੁੱਡਾ ਖੇਤਰਾਂ ਵਿੱਚ ਜਲ ਸਪਲਾਈ ਕੁਨੈਕਸ਼ਨਾਂ ਲਈ ਮਹੀਨਾਵਾਰ ਵਾਟਰ ਸਰਵਿਸ ਚਾਰਜਿਜ਼ ਵੀ ਘਟਾ ਕੇ 50 ਰੁਪਏ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਥਾਨਕ ਸਰਕਾਰਾਂ ਵਿਭਾਗ ਨੇ ਸੁਧਾਰ ਟਰੱਸਟਾਂ ਦੇ ਅਲਾਟੀਆਂ ਦੀ ਵਾਧਾ ਰਕਮ `ਤੇ ਵਿਆਜ ਦੀ ਦਰ ਨੂੰ 15 ਫ਼ੀਸਦੀ ਤੋਂ ਘਟਾ ਕੇ 7.7 ਫ਼ੀਸਦੀ ਪ੍ਰਤੀ ਸਾਲ ਕਰਨ ਲਈ ਪਹਿਲਾਂ ਹੀ ਨੋਟੀਫਾਈ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਅਜਿਹੇ ਲੋਕ ਪੱਖੀ ਫੈਸਲਿਆਂ ਤੋਂ ਸੂਬਾ ਵਾਸੀ ਪੂਰੀ ਤਰਾਂ ਖੁਸ਼ ਹਨ।