ਹੁਸ਼ਿਆਰਪੁਰ ਦੇ ਮਿਹਨਤੀ ਤੇ ਹੋਣਹਾਰ ਵਿਦਿਆਰਥੀਆਂ ਦਾ ਸੁਪਨਾ ਹੋਵੇਗਾ ਸਾਕਾਰ : ਸੁੰਦਰ ਸ਼ਾਮ ਅਰੋੜਾ
ਵਿਧਾਇਕ ਨੇ ਪੰਚਾਇਤ ਭਵਨ ’ਚ ਪੰਜ ਤੱਤ ਡਿਜੀਟਲ ਲਾਇਬ੍ਰੇਰੀ ਦੇ ਕੰਮ ਦੀ ਕਰਵਾਈ ਸ਼ੁਰੂਆਤ
3 ਕਰੋੜ ਦੀ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਈਕੋ ਤੇ ਡਿਸੇਬਲ ਫਰੈਂਡਲੀ ਲਾਇਬ੍ਰੇਰੀ ’ਚ ਇੰਟਰਨੈਟ ਕੁਨੈਕਸ਼ਨ ਨਾਲ ਕੰਪਿਊਟਰ, ਕਿੰਡਲ ਤੇ ਪ੍ਰਿੰਟਰ ਸਹਿਤ ਕਰਵਾਈਆਂ ਜਾਣਗੀਆਂ ਹੋਰ ਸੁਵਿਧਾਵਾਂ ਉਪਲਬੱਧ
ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਕੀਤੀ ਜਾਵੇਗੀ ਵਿਸ਼ੇਸ਼ ਵਿਵਸਥਾ
ਲਾਇਬ੍ਰੇਰੀ ਦੇ ਨਾਲ ਜੋੜੇ ਜਾਣਗੇ ਹੁਸ਼ਿਆਰਪੁਰ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 24 ਨਵੰਬਰ(ਬਿਊਰੋ) : ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੇ ਚੱਲਦਿਆਂ ਹੁਸ਼ਿਆਰਪੁਰ ਦੇ ਮਿਹਨਤੀ ਅਤੇ ਹੋਣਹਾਰ ਵਿਦਿਆਰਥੀਆਂ ਦਾ ਸੁਪਨਾ ਸਾਕਾਰ ਹੋਣ ਵਾਲਾ ਹੈ। ਵਿਦਿਆਰਥੀਆਂ ਨੂੰ ਚੰਗਾ ਮਾਹੌਲ ਪ੍ਰਦਾਨ ਕਰਦੇ ਹੋਏ ਉਨ੍ਹਾਂ ਲਈ ਇਕ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਬਣਾਈ ਜਾ ਰਹੀ ਹੈ, ਜੋ ਕਿ ਸਿਵਲ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਉਨ੍ਹਾਂ ਵਾਸਤੇ ਕਾਫੀ ਮਦਦਗਾਰ ਸਾਬਤ ਹੋਵੇਗੀ। ਇਸ ਲਾਇਬ੍ਰੇਰੀ ਵਿਚ ਕੋਈ ਵੀ ਵਿਦਿਆਰਥੀ ਜਾਂ ਨੌਜਵਾਨ ਆ ਕੇ ਡਿਜੀਟਲ ਅਤੇ ਹੋਰ ਸਾਧਨਾਂ ਰਾਹੀਂ ਕਿਤਾਬਾਂ ਪੜ੍ਹ ਸਕਦਾ ਹੈ ਅਤੇ ਆਪਣੀ ਸਬੰਧਤ ਪ੍ਰੀਖਿਆ ਦੀ ਤਿਆਰੀ ਕਰ ਸਕਦਾ ਹੈ। ਉਹ ਅੱਜ ਪੰਚਾਇਤ ਭਵਨ ਵਿਚ ਬਨਣ ਜਾ ਰਹੀ ਪੰਜ ਤੱਤ ਲਾਇਬ੍ਰੇਰੀ ਦੇ ਕੰਮ ਦੀ ਸ਼ੁਰੂਆਤ ਦੌਰਾਨ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵੀ ਮੌਜੂਦ ਸਨ।
ਵਿਧਾਇਕ ਨੇ ਕਿਹਾ ਕਿ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਇਸ ਅਤਿ-ਆਧੁਨਿਕ ਲਾਇਬ੍ਰੇਰੀ ਵਿਚ ਹਰ ਵਿਸ਼ੇ ਦੀਆਂ ਕਿਤਾਬਾਂ, ਮੈਗਜ਼ੀਨ, ਜਨਰਲ ਤੋਂ ਇਲਾਵਾ ਇੰਟਰਨੈਟ ਕੁਨੈਕਸ਼ਨ ਦੇ ਨਾਲ ਕੰਪਿਊਟਰ, ਕਿੰਡਲ ਤੇ ਪ੍ਰਿੰਟਰ ਵੀ ਉਪਲਬੱਧ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਈ-ਬੁੱਕ ਪੜ੍ਹਨ ਦੇ ਨਾਲ-ਨਾਲ ਪ੍ਰਿੰਟ ਕੱਢਣ ਦੀ ਵੀ ਸੁਵਿਧਾ ਮਿਲ ਸਕੇ। ਇਸ ਤੋਂ ਇਲਾਵਾ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਇਕ ਵੱਖਰਾ ਸਥਾਨ ਬਣਾਇਆ ਜਾਵੇਗਾ ਜਿਥੇ ਉਨ੍ਹਾਂ ਨੂੰ ਪ੍ਰੀਖਿਆ ਨਾਲ ਜੁੜਿਆ ਹਰ ਮਟੀਰੀਅਲ ਉਪਲਬੱਧ ਹੋਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਮੰਗ ਅਨੁਸਾਰ ਵੀ ਉਨ੍ਹਾਂ ਨੂੰ ਸਬੰਧਤ ਵਿਸ਼ਿਆਂ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਹ ਹਮੇਸ਼ਾਂ ਹੁਸ਼ਿਆਰਪੁਰ ਦੇ ਵਿਕਾਸ ਬਾਰੇ ਹੀ ਸੋਚਦੇ ਹਨ, ਇਸ ਲਈ ਜੋ ਵਿਕਾਸ ਕੰਮ ਹੁਸ਼ਿਆਰਪੁਰ ਵਿਚ ਕਰਵਾਏ ਗਏ ਹਨ, ਉਹ ਸ਼ਾਇਦ ਹੀ ਪੰਜਾਬ ਦੇ ਕਿਸੇ ਹੋਰ ਵਿਧਾਨ ਸਭਾ ਖੇਤਰ ਵਿਚ ਹੋਏ ਹੋਣਗੇ। ਹੁਸ਼ਿਆਰਪੁਰ ਵਿਚ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਸਮਾਰਟ ਬਾਈਕਸ, ਮਹਿਲਾਵਾਂ ਨੂੰ ਈ-ਰਿਕਸ਼ਾ ਦੇਣ ਤੋਂ ਇਲਾਵਾ ਕਈ ਪ੍ਰੋਜੈਕਟ ਸਮਰਪਿਤ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਮੁੱਖ ਮੰਤਰੀ ਪੰਜਾਬ ਹੁਸ਼ਿਆਰਪੁਰ ਵਿਚ ਬਨਣ ਜਾ ਰਹੇ ਸਰਕਾਰੀ ਮੈਡੀਕਲ ਕਾਲਜ ਅਤੇ 8 ਏਕੜ ਵਿਚ ਬਨਣ ਵਾਲੀ ਝੀਲ ਦਾ ਨੀਂਹ ਪੱਥਰ ਵੀ ਰੱਖਣਗੇ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਡਿਜੀਟਲ ਲਾਇਬ੍ਰੇਰੀ ਦੀ ਸ਼ੁਰੂਆਤ ਲਈ ਵਿਧਾਇਕ ਸੁੰਦਰ ਸ਼ਾਮ ਅਰੋੜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਕਤ ਲਾਇਬ੍ਰੇਰੀ ਇਕ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਰਾਹੀਂ ਸੰਚਾਲਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿਚ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਦੇ ਨਾਲ-ਨਾਲ ਅਖਬਾਰ, ਮੈਗਜ਼ੀਨ ਅਤੇ ਬੱਚਿਆਂ ਲਈ ਮਨੋਰੰਜਨ ਦੀਆਂ ਕਿਤਾਬਾਂ ਨੂੰ ਵੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਲਾਇਬ੍ਰੇਰੀ ਵਿਚ ਇਕ ਵਿਸ਼ੇਸ਼ ਰੀਡਿੰਗ ਰੂਮ ਦੀ ਵੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੋਕਲ ਫਾਰ ਲੋਕਲ ਨੂੰ ਉਤਸ਼ਾਹਿਤ ਕਰਨ ਲਈ ਹੁਸ਼ਿਆਰਪੁਰ ਵੂਡ ਇਨਲੇਅ ਵਰਕ, ਬਰਤਨ ਦੇ ਕੰਮ ਨਾਲ ਜੁੜੇ ਕਾਰੀਗਰਾਂ ਦੀਆਂ ਕਲਾਕ੍ਰਿਤੀਆਂ ਨੂੰ ਵੀ ਮੰਚ ਪ੍ਰਦਾਨ ਕਰੇਗਾ ਅਤੇ ਇਥੇ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਲੋਕ ਉਨ੍ਹਾਂ ਦੀਆਂ ਬਣਾਈਆਂ ਗਈਆਂ ਕਲਾਕ੍ਰਿਤੀਆਂ ਬਾਰੇ ਜਾਣ ਸਕਣ ਅਤੇ ਬੜਾਵਾ ਦੇ ਸਕਣ। ਇਸ ਦੇ ਨਾਲ ਹੀ ਆਉਣ-ਜਾਣ ਵਾਲਿਆਂ ਦੀ ਸੁਵਿਧਾ ਲਈ ਇਕ ਕੈਫੇਟੇਰਿਆ ਵੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਇਬ੍ਰੇਰੀ ਅੰਦਰ ਐਗਜੀਬਿਸ਼ਨ ਅਤੇ ਮੀਟਿੰਗ ਲਈ ਇਕ ਇਸ ਤਰ੍ਹਾਂ ਦਾ ਹਾਲ ਵੀ ਬਣਾਇਆ ਜਾਵੇਗਾ, ਜਿਸ ਨੂੰ ਜ਼ਰੂਰਤ ਦੇ ਹਿਸਾਬ ਨਾਲ ਬਦਲਿਆ ਜਾ ਸਕੇ। ਇਸ ਤੋਂ ਇਲਾਵਾ ਪੂਰੀ ਇਮਾਰਤ ਨੂੰ ਈਕੋ ਫਰੈਂਡਲੀ ਅਤੇ ਡਿਸੇਬਲ ਫਰੈਂਡਲੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪੂਰੀ ਇਮਾਰਤ ਦੇ ਬਾਹਰੀ ਅਤੇ ਅੰਦਰੂਨੀ ਦਿਖ ਨੂੰ ਅਕਰਸ਼ਿਤ ਬਨਾਉਣ ਲਈ ਆਧੁਨਿਕ ਢੰਗ ਨਾਲ ਇਸ ਨੂੰ ਡਿਜਾਇਨ ਕੀਤਾ ਜਾਵੇਗਾ, ਜਿਸ ਲਈ ਇਕ ਵਿਸ਼ੇਸ਼ ਟੀਮ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿਚ ਇੰਡੋਰ ਤੋਂ ਇਲਾਵਾ ਆਊਟਡੋਰ ਬੈਠਣ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਇਸ ਦੌਰਾਨ ਜ਼ਿਲ੍ਹਾ ਵਿਕਾਸ ਫੈਲੋ ਅਦਿਤਿਆ ਮਦਾਨ ਨੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਇਸ ਪੂਰੇ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਬਲਾਕ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਮੁਕੇਸ਼ ਡਾਬਰ, ਰਿਟਾਇਰਡ ਪ੍ਰਿੰਸੀਪਲ ਦੇਸ਼ਵੀਰ ਸ਼ਰਮਾ, ਪਰਮਜੀਤ ਸਿੰਘ, ਸਤਨਾਮ ਸਿੰਘ ਜੱਬਲ, ਪ੍ਰਵੀਨ ਰਾਣਾ, ਪ੍ਰੋ: ਅਮਨ, ਸ਼ਾਮ ਸੁੰਦਰ ਸ਼ਰਮਾ, ਮਨਮੋਹਨ ਸਿੰਘ ਕਪੂਰ, ਤਿਲਕ ਰਾਜ ਗੁਪਤਾ, ਦੀਪਕ ਪੁਰੀ, ਕੌਂਸਲਰ ਬਲਵਿੰਦਰ ਬਿੰਦੀ, ਅਸ਼ੋਕ ਮਹਿਰਾ, ਸੁਦਰਸ਼ਨ ਧੀਰ, ਫਾਦਰ ਇਬਰਾਹਿਮ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।