ਟਾਂਡਾ / ਦਸੂਹਾ (PPT NEWS)
3 ਮਾਰਚ : ਬੀਤੇ ਦਿਨ ਦੇਰ ਸ਼ਾਮ ਟਾਂਡਾ ਦੇ ਸ਼੍ਰੀ ਹਰਗੋਂਸ਼ਾਬਾਦਪੁਰ ਸਾਹਿਬ ਮੁੱਖ ਮਾਰਗ ‘ਤੇ ਟਾਂਡਾ ਪੁਲ ਦੇ ਹੇਠਾਂ ਪਰਸ ਖੋਹਣ ਦੀ ਘਟਨਾ ਦੌਰਾਨ ਵਾਪਰੇ ਸੜਕ ਹਾਦਸੇ ‘ਚ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਭੇਜ ਸਿੰਘ(7) ਪੁੱਤਰ ਚਰਨਜੀਤ ਸਿੰਘ ਅਤੇ ਗਗਨਦੀਪ ਕੌਰ(21) ਪੁੱਤਰੀ ਦਾਨਸ਼ਵਿੰਦਰ ਸਿੰਘ ਵਾਸੀ ਪਿੰਡ ਪੁਲ ਪੁਖਤਾ ਵਜੋਂ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਪ੍ਰਭਜੀਤ ਕੌਰ ਆਪਣੇ ਲੜਕੇ ਗੁਰਭੇਜ ਸਿੰਘ ਤੇ ਭਤੀਜੀ ਗਗਨਦੀਪ ਕੌਰ ਨਾਲ ਆਪਣੇ ਨਾਨਕੇ ਘਰ ਚਾਂਗਲਾ ਦਸੂਹਾ ਤੋਂ ਸਕੂਟੀ ’ਤੇ ਵਾਪਸ ਆਪਣੇ ਪਿੰਡ ਜਾ ਰਹੀ ਸੀ। ਜਦੋਂ ਪ੍ਰਭਜੀਤ ਕੌਰ ਟਾਂਡਾ ਪੁਲ ਨੇੜੇ ਪੁੱਜੀ ਤਾਂ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ‘ਚੋਂ ਇੱਕ ਨੇ ਪਿੱਛੇ ਬੈਠੀ ਲੜਕੀ ਗਗਨਦੀਪ ਕੌਰ ਦਾ ਪਰਸ ਖੋਹ ਲਿਆ। ਇਸ ਦੌਰਾਨ ਸਕੂਟੀ ਬੇਕਾਬੂ ਹੋ ਕੇ ਉਥੋਂ ਜਾ ਰਹੀ ਟਰਾਲੀ ਨਾਲ ਟਕਰਾ ਗਈ। ਇਸ ਕਾਰਨ ਪ੍ਰਭਜੀਤ ਕੌਰ, ਗੁਰਭੇਜ ਸਿੰਘ ਅਤੇ ਗਗਨਦੀਪ ਕੌਰ ਤਿੰਨੋਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਟਾਂਡਾ ਦੇ ਇੱਕ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਗੁਰਭੇਜ ਸਿੰਘ ਅਤੇ ਗਗਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਟਾਂਡਾ ਕੁਲਵੰਤ ਸਿੰਘ ਤੇ ਐੱਸਐੱਚਓ ਟਾਂਡਾ ਮਲਕੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਲੁਟੇਰਿਆਂ ਦੀ ਭਾਲ ਵਿੱਚ ਜੁਟੱ ਗਈ ਹੈ।








