ਹੁਸ਼ਿਆਰਪੁਰ, 15 ਮਾਰਚ(ਬਿਊਰੋ)
–ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ’ਤੇ ‘ਸੀ.ਐਮ. ਦੀ ਯੋਗਸ਼ਾਲਾ’ ਦਾ ਵਿਸਥਾਰ ਕਰਨ ਦਾ ਫ਼ੈਸਲਾ
–ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਡਾਇਲ ਕਰ ਸਕਦੇ ਹਨ ਟੋਲ-ਫਰੀ ਨੰਬਰ 7669 400 500
: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਹੁਣ ਇਹ ਜਨ- ਮੁਹਿੰਮ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ’ਤੇ ਵੀ ਆਪਣੇ ਖੰਭ ਪਸਾਰਣ ਲਈ ਤਿਆਰ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਸਰਕਾਰ ਨੇ ਇਸ ਉਪਰਾਲੇ ਦੀ ਸਫ਼ਲਤਾ ਲਈ 315 ਨਵੇਂ ਯੋਗਾ ਟ੍ਰੇਨਰਾਂ ਦੀ ਭਰਤੀ ਕੀਤੀ ਹੈ, ਜੋ ਕਿ ਬਲਾਕਾਂ ਅਤੇ ਪਿੰਡਾਂ ਵਿਚ ਮੁਫ਼ਤ ਯੋਗਾ ਕਲਾਸਾਂ ਲਗਾਉਣ ਲਈ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਪੜਾਵਾਂ ਤਹਿਤ ਹੁਸ਼ਿਆਰਪੁਰ ਸਮੇਤ ਸੂਬੇ ਦੇ 24 ਸ਼ਹਿਰਾਂ ਵਿਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਮੌਜੂਦਾ ਸਮੇਂ ਦੌਰਾਨ, ਇਨ੍ਹਾਂ ਸ਼ਹਿਰਾਂ ਵਿਚ ਰੋਜ਼ਾਨਾ ਸਵੇਰੇ 1600 ਤੋਂ ਵੱਧ ‘ਸੀਐਮ ਦੀ ਯੋਗਸ਼ਾਲਾਵਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ 35000 ਤੋਂ ਵੱਧ ਲੋਕ ਇਨ੍ਹਾਂ ਯੋਗ ਕੈਂਪਾਂ ਦਾ ਲਾਭ ਲੈ ਰਹੇ ਹਨ।
ਮੁੱਖ ਮੰਤਰੀ ਨੇ ਇਹ ਜਨ- ਮੁਹਿੰਮ ਨਾ ਸਿਰਫ਼ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਸੀ, ਸਗੋਂ ਉਨ੍ਹਾਂ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨ ਲਈ ਵੀ ਸ਼ੁਰੂ ਕੀਤੀ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਵਿਚ ਰੋਜ਼ਾਨਾ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵਿਚ ਵਧ ਰਹੇ ਤਣਾਅ ਦਾ ਪੱਧਰ ਹਰ ਕਿਸੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਯੋਗ ਲੋਕਾਂ ਨੂੰ ਇਸ ਤੋਂ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਫਤ ਯੋਗਾ ਸਿਖਲਾਈ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕੀਤਾ ਜਾ ਸਕਦਾ ਹੈ ਜਾਂ https://cmdiyogshala.punjab. gov.in ’ਤੇ ਲੌਗਇਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਸਿੱਖਿਅਤ ਯੋਗਾ ਇੰਸਟਰਕਟਰ ,ਲੋਕਾਂ ਨੂੰ ਯੋਗਾ ਕਰਵਾਉਣ ਵਿਚ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਉਸਦੇ ਘਰ ਦੇ ਨੇੜੇ ਖੁੱਲ੍ਹੇ ਪਾਰਕ ਜਾਂ ਹੋਰ ਜਨਤਕ ਥਾਂ ਉਪਲਬੱਧ ਹੈ ਅਤੇ ਯੋਗਾ ਕਰਨ ਲਈ 25 ਲੋਕਾਂ ਦਾ ਸਮੂਹ ਮੌਜੂਦ ਹੈ ਤਾਂ ਪੰਜਾਬ ਸਰਕਾਰ ਲੋਕਾਂ ‘ ਸੀਐਮ ਦੀ ਯੋਗਸ਼ਾਲਾ ’ ਕਰਵਾਉਣ ਲਈ ਉੱਚ ਸਿਖਲਾਈ ਪ੍ਰਾਪਤ ਯੋਗਾ ਇੰਸਟਰਕਟਰ ਭੇਜੇਗੀ।