ਦਸੂਹਾ 26 ਫਰਵਰੀ (ਚੌਧਰੀ)
: ਇੰਗਲੈਂਡ ਨਿਵਾਸੀ ਸਰਦਾਰ ਸਵਰਨ ਸਿੰਘ ਚਾਹਲ ਅਤੇ ਬੀਬੀ ਸ਼ਿੰਦਰ ਕੌਰ ਚਾਹਲ ਦੀ ਮਾਇਕ ਸਹਾਇਤਾ ਨਾਲ ਕੰਢੀ ਇਲਾਕੇ ਦੇ ਇਤਿਹਾਸਕ ਪਿੰਡ ਸੰਸਾਰਪੁਰ ਵਿਖੇ ਮਿਤੀ 25-2-2024 ਨੂੰ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਅੱਖਾਂ ਦੇ ਮਾਹਿਰ ਡਾਕਟਰ ਕਪਿਲਮੀਤ ਸਿੰਘ ਅਤੇ ਡਾਕਟਰ ਮੋਹਿਤ ਘਈ ਨੇ ਆਪਣੀ ਟੀਮ ਨਾਲ 550 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
360 ਮਰੀਜ਼ਾਂ ਨੂੰ ਮੌਕੇ ਤੇ ਮੁਫ਼ਤ ਐਨਕਾਂ ਦਿੱਤੀਆਂ ਗਈਆਂ, 90 ਮਰੀਜ ਅੱਖਾਂ ਦੇ ਉਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੀਆਂ ਅੱਖਾਂ ਦੇ ਉਪ੍ਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਉਪ੍ਰੇਸ਼ਨ ਥੀਏਟਰ ਵਿੱਚ ਲਿਜਾ ਕੇ ਕੀਤੇ ਜਾਣਗੇ ਅਤੇ ਮੁਫ਼ਤ ਲੈੱਨਜ਼ ਪਾਏ ਜਾਣਗੇ। ਸਾਰੇ ਮਰੀਜ਼ਾਂ ਦੇ ਆਉਣ-ਜਾਣ, ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਮੁਫ਼ਤ ਕੀਤਾ ਗਿਆ ਹੈ।
ਇਹ ਮੁਫ਼ਤ ਕੈਂਪ ਸੰਤ ਬਾਬਾ ਤੇਜਾ ਸਿੰਘ ਗੁਰੂਸਰ ਖੁੱਡਾ ਦੀ ਪ੍ਰੇਰਨਾ ਨਾਲ ਹਰ ਸਾਲ ਲਗਾਇਆ ਜਾਂਦਾ ਹੈ।ਇਸ ਮੌਕੇ ਤੇ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਉਚੇਚੇ ਤੌਰ ਤੇ ਪਹੁੰਚ ਕੇ ਇੰਗਲੈਂਡ ਨਿਵਾਸੀ ਚਾਹਲ ਪਰਿਵਾਰ, ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੀ ਟੀਮ ਅਤੇ ਸਥਾਨਕ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੇ ਵੀ ਆਮ ਲੋਕਾਂ ਦੀ ਸਹਾਇਤਾ ਲਈ ਕੰਢੀ ਇਲਾਕੇ ਵਿੱਚ ਲਗਾਏ ਗਏ ਅੱਖਾਂ ਦੇ ਇਸ ਕੈਂਪ ਦੀ ਸਰਾਹਨਾ ਕੀਤੀ।