ਬਟਾਲਾ (ਅਵਿਨਾਸ਼ ਸ਼ਰਮਾ/ ਸੰਜੀਵ ਨੈਅਰ)
26 ਫਰਵਰੀ : ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਵਰਗ ਖਾਸ ਕਰਕੇ ਕੱਚੇ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਬੇਸ਼ੱਕ ਕੱਚੇ ਮੁਲਾਜ਼ਮਾਂ ਨੂੰ ਲੈਕੇ ਕੁਝ ਫੈਸਲੇ ਲੈਂਦੀ ਨਜਰ ਆ ਰਹੀ ਹੈ ਪਰ ਹਾਲੇ ਵੀ ਬਹੁਤ ਸਾਰੇ ਯੋਗ ਪ੍ਣਾਲੀ ਰਾਹੀਂ ਭਰਤੀ ਕੀਤੇ ਗਏ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਕੱਚੇ ਮੁਲਾਜ਼ਮਾਂ ਵਿੱਚ ਸਰਕਾਰ ਦੀ ਕਾਣੀ ਵੰਡ ਨੂੰ ਲੈਕੇ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਹ ਰੋਸ਼ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੱਡੇ ਸੰਘਰਸ਼ ਦਾ ਰੂਪ ਧਾਰਣ ਕਰ ਸਕਦਾ ਹੈ।। ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਯੋਗ ਪ੍ਣਾਲੀ ਰਾਹੀਂ ਭਰਤੀ ਕੀਤੇ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜਮਾਂ ਲਈ ਬਣਾਈ ਰੈਗੂਲਰਾਈਜੇਸ਼ਨ ਪਾਲਿਸੀ ਦੀਆਂ ਲੱਗਭੱਗ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸਿਹਤ ਮੁਲਾਜ਼ਮਾਂ ਨੂੰ ਲੈਕੇ ਸਰਕਾਰ ਲੁਕਣ ਮੀਚੀ ਖੇਡਦੀ ਨਜਰ ਆ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੀ ਚੰਨੀ ਸਰਕਾਰ ਵੇਲੇ ਇਹਨਾਂ ਕੱਚੇ ਮੁਲਾਜਮਾਂ ਦੀਆਂ ਰੈਲੀਆਂ ਧਰਨਿਆਂ ਵਿੱਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਯੋਗ ਪ੍ਣਾਲੀ ਰਾਹੀਂ ਭਰਤੀ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਸਟੇਜਾਂ ਤੋਂ ਕੀਤੇ ਐਲਾਨ ਸਿਰਫ਼ ਵੋਟਾਂ ਵਟੋਰਨ ਵਾਲੇ ਜੁਮਲੇ ਸਾਬਿਤ ਹੁੰਦੇ ਦਿਖਾਈ ਦੇ ਰਹੇ ਹਨ। ਜਿਕਰਯੋਗ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਪੰਜਾਬ ਦੇ ਸਿਹਤ ਵਿਭਾਗ ਦਾ ਬਹੁਤ ਵੱਡਾ ਹਿੱਸਾ ਹਨ ਅਤੇ ਖਾਸ ਤੌਰ ਤੇ ਪੇਂਡੂ ਖੇਤਰਾਂ ਵਿੱਚ ਬਿਹਤਰੀਨ ਸਿਹਤ ਸੇਵਾਵਾਂ ਦੇ ਰਹੇ ਹਨ। ਇਹਨਾਂ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਸਦਕਾ ਪੰਜਾਬ ਵਿੱਚ ਨਾ ਸਿਰਫ਼ ਕਰੋਨਾ ਤੇ ਕਾਬੂ ਪਾਉਣਾ ਆਸਾਨ ਹੋਇਆ ਬਲਕਿ ਰਾਸ਼ਟਰੀ ਪੱਧਰ ਤੇ ਵਧੀਆ ਸਿਹਤ ਸਹੂਲਤਾਂ ਲਈ ਪੰਜਾਬ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਕਈ ਅਵਾਰਡ ਵੀ ਜਿੱਤੇ। ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਪ੍ਤਿ ਵੱਡਾ ਰੋਸ਼ ਜਾਹਰ ਕਰਦੇ ਹੋਏ ਦੱਸਿਆ ਕਿ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਬਿਹਤਰੀਨ ਸੇਵਾਵਾਂ ਨਿਭਾਉਣ ਦੇ ਬਾਵਜੂਦ ਮੌਜੂਦਾ ਆਪ ਸਰਕਾਰ ਸਾਨੂੰ ਪਿਛਲੇ ਇੱਕ ਸਾਲ ਤੋਂ ਕੋਈ ਠੋਸ ਜਵਾਬ ਨਹੀਂ ਦੇ ਪਾ ਰਹੀ।। ਹਾਲਾਂਕਿ ਯੂਨੀਅਨ ਆਗੂਆਂ ਦੀ ਰੈਗੂਲਰਾਈਜੇਸ਼ਨ ਕੈਬਨਿਟ ਸਬ ਕਮੇਟੀ ਨਾਲ ਕਈ ਮੀਟਿੰਗਾਂ ਵੀ ਹੋਈਆਂ ਅਤੇ ਕੁਝ ਉਮੀਦਾਂ ਵੀ ਬਣੀਆਂ ਸਨ ਪਰੰਤੂ ਪਹਿਲੀਆਂ ਸਰਕਾਰਾਂ ਵਾਂਗ ਮੌਜੂਦਾ ਆਪ ਸਰਕਾਰ ਵੀ ਲਾਰੇਬਾਜੀ ਵਾਲੇ ਢੰਗ ਨਾਲ ਕੰਮ ਕਰਦੀ ਹੋਈ ਇਹਨਾਂ ਸਿਹਤ ਮੁਲਾਜ਼ਮਾਂ ਦਾ ਮਾਨਸਿਕ ਅਤੇ ਆਰਥਿਕ ਸੋਸ਼ਣ ਕਰਦੀ ਨਜਰ ਆ ਰਹੀ ਹੈ। ਯੂਨੀਅਨ ਦੇ ਸੂਬਾ ਆਗੂਆਂ ਕਿਰਨਜੀਤ ਕੌਰ ਲੁਧਿਆਣਾ, ਰਣਜੀਤ ਕੌਰ ਬਠਿੰਡਾ,ਅਵਤਾਰ ਸਿੰਘ ਮਾਨਸਾ,ਕਮਲਜੀਤ ਕੌਰ ਬਰਨਾਲਾ ਅਤੇ ਗੁਲਸ਼ਨ ਸ਼ਰਮਾਂ ਫਰੀਦਕੋਟ ਨੇ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬੀਤੇ ਦਿਨੀ ਮੁੱਖ ਮੰਤਰੀ ਸ ਭਗਵੰਤ ਮਾਨ ਵੱਲੋਂ ਕੇਂਦਰੀ ਸਕੀਮਾਂ ਦੇ ਯੋਗ ਪ੍ਣਾਲੀ ਰਾਹੀਂ ਭਰਤੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਬਿਆਨ ਤੋਂ ਬਾਅਦ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪੂਰੇ ਪੰਜਾਬ ਦਾ ਲੱਗਭੱਗ ਦਸ ਹਜ਼ਾਰ ਸਿਹਤ ਕਰਮਚਾਰੀ ਸੜਕਾਂ ਤੇ ਉੱਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣ ਤੇ ਉਤਾਰੂ ਹੈ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ ਯੂਨੀਅਨ ਦੇ ਸੂਬਾ ਆਗੂਆਂ ਅਮਨਦੀਪ ਸਿੰਘ ਮਾਨਸਾ,ਹਰਮਨ ਜੀਰਾ, ਡਾਕਟਰ ਸੁਮਿਤ ਕਪਾਹੀ ਜਲੰਧਰ,ਡਾਕਟਰ ਪ੍ਰਭਜੋਤ ਫਗਵਾੜਾ, ਦੀਪਿਕਾ ਸ਼ਰਮਾਂ ਪਠਾਨਕੋਟ,ਰਵਿੰਦਰ ਫਾਜ਼ਿਲਕਾ ਅਤੇ ਡਾਕਟਰ ਸ਼ਿਵਜੀਤ ਲੁਧਿਆਣਾ ਨੇ ਪਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਰਚ ਦੇ ਮਹੀਨੇ ਦੌਰਾਨ ਨੈਸ਼ਨਲ ਹੈਲਥ ਮਿਸ਼ਨ ਦੇ ਸਿਹਤ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਰੋਸ਼ ਰੈਲੀਆਂ ਕਰਦੇ ਹੋਏ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਯੂਨੀਅਨ ਦੀ ਸੂਬਾ ਕਮੇਟੀ ਮਾਰਚ ਮਹੀਨੇ ਦੇ ਅਖੀਰ ਤੱਕ ਕੰਮ ਬੰਦ ਕਰਦੇ ਹੋਏ ਹੜਤਾਲ ਤੇ ਜਾਣ ਦਾ ਵਿਚਾਰ ਵੀ ਕਰ ਰਹੀ ਹੈ ਜਿਸ ਨਾਲ ਸੂਬੇ ਭਰ ਦੀਆਂ ਸਿਹਤ ਸੇਵਾਵਾਂ ਚਰਮਰਾ ਕੇ ਰਹਿ ਜਾਣਗੀਆਂ ਅਤੇ ਉਨ੍ਹਾਂ ਹਾਲਤਾਂ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਜਿੰਮੇਦਾਰ ਹੋਵੇਗੀ।।








