ਫਗਵਾੜਾ 6 ਜੁਲਾਈ (ਲਾਲੀ ਦਾਦਰ)
– ਆਏ ਦਿਨ ਫਗਵਾੜਾ ਸ਼ਹਿਰ ਵਿੱਚ ਚੋਰੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਆਲਮ ਇਹ ਹੈ ਕਿ ਚੋਰਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਹੁਣ ਉਹ ਏਟੀਐਮ ਮਸ਼ੀਨਾਂ ਵੀ ਕੱਟ ਕੇ ਲੈ ਜਾਣ ਲੱਗੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਪਲਾਹੀ ਰੋਡ ‘ਤੇ ਸਥਿਤ ਐਸਬੀਆਈ ਬੈਂਕ ਦੇ ਏਟੀਐਮ ਦਾ ਦੇਖਣ ਨੂੰ ਮਿਲਿਆ ਜਿੱਥੋਂ ਕਟਰ ਮਸ਼ੀਨਾਂ ਨਾਲ ਚੋਰ ਏਟੀਐਮ ਮਸ਼ੀਨ ਹੀ ਕੱਟ ਕੇ ਨਾਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਜਦੋਂ ਇਸ ਘਟਨਾ ਦੀ ਜਾਣਕਾਰੀ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਅਤੇ ਥਾਣਾ ਸਿਟੀ ਫਗਵਾੜਾ ਦੇ ਐਸਐਚਓ ਜਤਿੰਦਰ ਕੁਮਾਰ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਗੈਸ ਕਟਰ ਨਾਲ ਪਲਾਹੀ ਰੋਡ ‘ਤੇ ਸਥਿਤ ਐਸਬੀਆਈ ਦੀ ਏਟੀਐਮ ਮਸ਼ੀਨ ਕੱਟਣ ਉਪਰੰਤ ਕੈਸ਼ ਲੈ ਕੇ ਫਰਾਰ ਹੋ ਗਏ lਇਸ ਸਬੰਧੀ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਉਸ ਏਟੀਐਮ ‘ਚ ਕਿੰਨੇ ਪੈਸੇ ਮੌਜੂਦ ਸਨ ਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ l