ਦਸੂਹਾ 23 ਅਕਤੂਬਰ (ਚੌਧਰੀ)
: ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਲੁਧਿਆਣੀ ਦੇ ਵਸਨੀਕ ਅਤੇ ਆਰਮੀ ਪਬਲਿਕ ਸਕੂਲ ਉਂਚੀ ਬੱਸੀ ਵਿਖੇ ਵੁਸ਼ੂ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਸਤਵੀਰ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀ ਕਰਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਸਤਵੀਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ, ਸੈਸ਼ਨ-4 ਦੇ ਵੁਸ਼ੂ ਮੁਕਾਬਲੇ ਵਿੱਚ 31 ਤੋਂ 40 ਸਾਲ ਉਮਰ ਵਰਗ ਦੇ +90 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ ਅਤੇ 10,000 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਇਹ ਮੁਕਾਬਲੇ ਆਰ.ਡੀ. ਖੋਸਲਾ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ 9 ਅਕਤੂਬਰ ਤੋਂ 15 ਅਕਤੂਬਰ 2025 ਤੱਕ ਕਰਵਾਏ ਗਏ।
ਸਤਵੀਰ ਸਿੰਘ ਇੱਕ NIS Qualified Wushu Coach ਹਨ ਅਤੇ ਆਰਮੀ ਪਬਲਿਕ ਸਕੂਲ ਉਂਚੀ ਬੱਸੀ ਵਿੱਚ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਹਨ। ਉਹ ਵੁਸ਼ੂ, ਬਾਕਸਿੰਗ ਅਤੇ ਹੋਰ ਮਾਰਸ਼ਲ ਆਰਟਸ ਖੇਡਾਂ ਦੇ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਿੰਡ ਲੁਧਿਆਣੀ, ਦਸੂਹਾ ਇਲਾਕੇ ਅਤੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਫਲਤਾ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਮਿਹਨਤ ਤੇ ਲਗਨ ਨਾਲ ਆਪਣੇ ਟੀਚੇ ਹਾਸਲ ਕਰਨ ਲਈ ਉਤਸ਼ਾਹਿਤ ਕਰੇਗੀ।







