ਹੁਸ਼ਿਆਰਪੁਰ (ਬਿਊਰੋ)
–ਡਿਪਟੀ ਕਮਿਸ਼ਨਰ ਨੇ ਯੁਵਕ ਸੇਵਾਵਾਂ ਵਿਭਾਗ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵਲੋਂ ਕਰਵਾਈ ਗਈ ਰੈੱਡ ਰਨ ਮੈਰਾਥਨ ਨੂੰ ਦਿੱਤੀ ਹਰੀ ਝੰਡੀ
–ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਜੇਤੂਆਂ ਨੂੰ ਨਕਦ ਪੁਰਸਕਾਰਾਂ ਨਾਲ ਕੀਤਾ ਗਿਆ ਸਨਮਾਨਿਤ
10 ਅਗਸਤ : ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਆਈ.ਕੇ ਗੁਜਰਾਲ ਪੀ.ਟੀ.ਯੂ ਕੈਂਪਸ ਹੁਸ਼ਿਆਰਪੁਰ ਵਿਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਪ੍ਰੀਤ ਕੋਹਲੀ ਦੀ ਅਗਵਾਈ ਵਿਚ ਰੈੱਡ ਰਨ ਮੈਰਾਥਨ ਦਾ ਆਯੋਜਨ ਕੀਤਾ ਗਿਆ। ਐਚ.ਆਈ.ਵੀ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਆਯੋਜਿਤ ਇਸ ਰੈੱਡ ਰਨ ਮੈਰਾਥਨ ਨੂੰ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈੱਡ ਰਨ ਮੈਰਾਥਨ ਮੁਕਾਬਲਾ 5 ਕਿਲੋਮੀਟਰ ਕਰਵਾਇਆ ਗਿਆ, ਜਿਸ ਵਿਚ 200 ਤੋਂ ਵੱਧ ਰੈੱਡ ਰਿਬਨ ਕਲੱਬਾਂ ਦੇ ਵਲੰਟੀਅਰਾਂ ਨੇ ਹਿੱਸਾ ਲਿਆ।
ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਦੇ ਹੱਥਾਂ ਵਿਚ ਦੇਸ਼ ਦਾ ਭਵਿੱਖ ਹੈ। ਇਸ ਲਈ ਨੌਜਵਾਨਾਂ ਦਾ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਵਰਤਮਾਨ ਵਿਚ ਨਸ਼ੇ ਦੇ ਨਾਲ-ਨਾਲ ਏਡਜ਼ ਪ੍ਰਤੀ ਵੀ ਜਾਗਰੂਕਤਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਨੌਜਵਾਨ ਚੌਕਸੀ ਬਣਾਏ ਰੱਖਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਕਾਫ਼ੀ ਯਤਨ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਰੈੱਡ ਰਿਬਨ ਤੇ ਯੂਥ ਕਲੱਬਾਂ ਵਿਚ ਏਡਜ਼ ਅਤੇ ਨਸ਼ੇ ਦੇ ਖਿਲਾਫ਼ ਜਾਗਰੂਕਤਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਣ। ਇਸ ਮੌਕੇ ਉਨ੍ਹਾਂ ਨੇ ਮੈਰਾਥਨ ਦੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਪਹਿਲੇ ਸਥਾਨ ’ਤੇ ਆਉਣ ਵਾਲੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸੂਰਜ, ਦੂਜੇ ਸਥਾਨ ’ਤੇ ਆਉਣ ਵਾਲੇ ਜੀ.ਕੇ.ਐਸ.ਐਮ ਸਰਕਾਰੀ ਕਾਲਜ ਟਾਂਡਾ ਦੇ ਸਿਮਰਨ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਪੰਡਿਤ ਜੇ.ਆਰ ਬਹੁਤਕਨੀਕੀ ਕਾਲਜ ਦੇ ਕੁਲਜੀਤ ਪਾਲ ਨੂੰ ਕ੍ਰਮਵਾਰ ਤਿੰਨ ਹਜ਼ਾਰ, ਦੋ ਹਜ਼ਾਰ ਅਤੇ ਇਕ ਹਜ਼ਾਰ ਰੁਪਏ ਦਾ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਡਾਇਰੈਕਟਰ ਪ੍ਰੋ: ਵਾਈ.ਐਸ. ਬਰਾੜ, ਅਕਾਦਮਿਕ ਕੋਆਰਡੀਨੇਟਰ ਐਸ. ਕੇ ਮਾਹਲਾ, ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਪਰਮਾਰ, ਡਾ. ਬ੍ਰਜੇਸ਼, ਡਾ. ਅਮਿਤ ਹਾਂਡਾ, ਪ੍ਰੋ: ਵਿਜੇ ਕੁਮਾਰ, ਡਾ. ਰੰਜਨਾ ਗੁਪਤਾ, ਪ੍ਰੋ: ਜਗਦੀਪ ਸਿੰਘ, ਡਾ. ਰਿੰਕੂ ਵਾਲੀਆ, ਰਜਿੰਦਰ ਸਿੰਘ, ਪੁਨੀਤ ਕੁਮਾਰ, ਕੁਲਵਿੰਦਰ ਕੌਰ, ਕੁਲਵੀਰ, ਯੁੱਧ ਚੰਦ ਅਤੇ ਸੋਨੀਆ ਵੀ ਮੌਜੂਦ ਸਨ।








