ਫਗਵਾੜਾ (ਲਾਲੀ ਦਾਦਰ )
* ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਰਹੀ ਖਿੱਚ ਦਾ ਕੇਂਦਰ
15 ਮਈ : ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਹਰਬੰਸਪੁਰ (ਜਗਜੀਤਪੁਰ) ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਜਾ ਰਹੇ ਤਿੰਨ ਰੋਜਾ ਮਹਾਨ ਸ਼ਹੀਦੀ ਸਮਾਗਮ ਦੇ ਦੂਸਰੇ ਦਿਨ ਸਿੱਖ ਜਥੇਬੰਦੀਆਂ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਦਾ ਪਿੰਡ ਹਰਬੰਸਪੁਰ/ਜਗਜੀਤਪੁਰ ਤੋਂ ਇਲਾਵਾ ਪਿੰਡ ਪ੍ਰੇਮਪੁਰ, ਸਾਹਨੀ, ਪਾਂਛਟ ਮੋੜ, ਰੋਮੀ ਢਾਬਾ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਵੱਖ-ਵੱਖ ਪੜਾਵਾਂ ‘ਤੇ ਢਾਡੀ ਜੱਥਾ ਗੁਰਦਿਆਲ ਸਿੰਘ ਲੱਖਪੁਰ ਵਾਲਿਆਂ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਨਗਰ ਕੀਰਤਨ ਵਿਚ ਸ਼ਾਮਲ ਸੰਗਤ ਦੀ ਸਹੂਲਤ ਲਈ ਥਾਂ-ਥਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਦੌਰਾਨ ਨੀਲੀਆਂ ਫੌਜਾਂ ਗੱਤਕਾ ਅਖਾੜਾ ਹਰਬੰਸਪੁਰ (ਜਗਜੀਤ ਪੁਰ) ਵਲੋਂ ਗੱਤਕਾ ਪ੍ਰਦਰਸ਼ਨੀ ਅਤੇ ਮਿਸਲ ਗੁਰੂ ਹਰਗੋਬਿੰਦਗੜ੍ਹ ਸਾਹਿਬ ਤਰਨਾ ਦਲ ਮਹਿਤਾ ਚੌਂਕ ਦੇ ਮੋਜੂਦਾ ਮੁਖੀ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਦਿਖਾਈ ਗਈ। ਨਗਰ ਕੀਰਤਨ ਦੋਰਾਨ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਹਰਜਿੰਦਰ ਸਿੰਘ ਸ਼ਾਹ ਅਤੇ ਪਰਿਵਾਰ ਵਲੋਂ ਕੀਤੀ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੇ ਆਖਰੀ ਦਿਨ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਢਾਡੀ ਦਰਬਾਰ ਦੁਪਿਹਰ 2 ਵਜੇ ਤੱਕ ਸਜਾਇਆ ਜਾਵੇਗਾ। ਜਿਸ ਵਿਚ ਹਜੂਰੀ ਰਾਗੀ ਭਾਈ ਬਲਵਿੰਦਰ ਸਿੰਘ ਗੁਰਦੁਆਰਾ ਨਾਨਕਸਰ ਸਾਹਿਬ (ਨੰਗਲ ਮੱਝਾ), ਭਗਵਾਨ ਸਿੰਘ ਹੈੱਡ ਗ੍ਰੰਥੀ ਪਿੰਡ ਸਾਹਨੀ, ਹੈੱਡ ਗ੍ਰੰਥੀ ਸਤਨਾਮ ਸਿੰਘ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਹਰੰਸਪੁਰ/ਜਗਜੀਤਪੁਰ ਵਲੋਂ ਸੰਗਤਾਂ ਨੂੰ ਢਾਡੀ ਵਾਰਾਂ, ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਮੁੱਖ ਸੇਵਾਦਾਰ ਜਰਨੈਲ ਸਿੰਘ, ਸਤਪਾਲ ਸਿੰਘ, ਜਸਬੀਰ ਸਿੰਘ ਸੋਨੀ, ਗੁਰਮੀਤ ਸਿੰਘ, ਗੁਰਦੀਪ ਸਿੰਘ, ਮੇਜਰ ਸਿੰਘ, ਅਜੈਬ ਸਿੰਘ ਪ੍ਰਧਾਨ ਗੁਰਦੁਆਰਾ ਨਾਨਕਸਰ ਹਰਬੰਸਪੁਰ/ਜਗਜੀਤਪੁਰ, ਮਹਿੰਦਰ ਸਿੰਘ, ਗੁਰਮੁਖ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦੀ, ਰਣਜੋਧ ਸਿੰਘ, ਮਾਲਾ ਸਿੰਘ, ਟਹਿਲ ਸਿੰਘ, ਸਰਪੰਚ ਨਛੱਤਰ ਸਿੰਘ, ਕੇਵਲ ਸਿੰਘ, ਹਰਮੇਸ਼ ਸਿੰਘ, ਤੀਰਥ ਸਿੰਘ, ਜੋਗਾ ਸਿੰਘ, ਹਰਜਿੰਦਰ ਸਿੰਘ ਆਦਿ ਹਾਜਰ ਸਨ।
ਤਸਵੀਰਾਂ ਸਮੇਤ।








