ਆਮ ਆਦਮੀ ਪਾਰਟੀ ਨੇ ਲਾਅ ਅਫਸਰਾਂ ਦੀਆਂ ਪੋਸਟਾਂ ਵਿੱਚ ਐੱਸਸੀ ਬੀਸੀ ਲਈ ਰਾਖਵਾਂਕਰਨ ਲਾਗੂ ਨਾ ਕਰਕੇ ਕੀਤਾ ਧੋਖਾ : ਬੇਗਮਪੁਰਾ ਟਾਈਗਰ ਫੋਰਸ
ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਸਰਕਾਰ ਖਿਲਾਫ ਰਾਜਪਾਲ ਨੂੰ ਭੇਜਿਆ ਮੰਗ ਪੱਤਰ
ਹੁਸ਼ਿਆਰਪੁਰ,21 ਜੁਲਾਈ ( ਤਰਸੇਮ ਦੀਵਾਨਾ ) : ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ 178 ਲਾਅ ਅਫਸਰਾਂ ਦੀਆਂ ਪੋਸਟਾਂ ਦੀ ਭਰਤੀ ਪ੍ਰਕਿਰਿਆ ਦੌਰਾਨ ਐੱਸਸੀ ਬੀਸੀ ਉਮੀਦਵਾਰਾਂ ਲਈ ਰਾਖਵਾਂਕਰਨ ਲਾਗੂ ਨਾ ਕਰਨ ਅਤੇ ਮਾਣਯੋਗ ਹਾਈ ਕੋਰਟ ਵਿਚ ਐਸਸੀ ਬੀਸੀ ਵਰਗ ਦੇ ਲੋਕਾਂ ਨੂੰ ਕਾਬਿਲ ਨਾ ਸਮਝਣ ਸਬੰਧੀ ਦਾਖ਼ਲ ਕੀਤੇ ਹਲਫੀਆ ਬਿਆਨ ਖਿਲਾਫ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਾਣਯੋਗ ਰਾਜਪਾਲ ਪੰਜਾਬ ਲਈ ਵਧੀਕ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਗਿਆ।ਬੇਗਮਪੁਰਾ ਟਾਈਗਰ ਫੋਰਸ ਨੇ ਇਸ ਮੈਮੋਰੰਡਮ ਵਿੱਚ ਦੱਸਿਆ ਕਿ ਇਨ੍ਹਾਂ ਲਾਅ ਅਫ਼ਸਰਾਂ ਦੀਆਂ ਪੋਸਟਾਂ ਲਈ ਐੱਸਸੀ ਬੀਸੀ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਲਈ ਪੋਸਟਾਂ ਰਾਖਵੀਆਂ ਨਹੀਂ ਕੀਤੀਆਂ ਗਈਆਂ ਜਦਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 16 ਵਿੱਚ ਇਹ ਅਧਿਕਾਰ ਦਿੱਤਾ ਗਿਆ ਹੈ।ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਸਸੀ ਐਂਡ ਬੀਸੀ ਰਿਜ਼ਰਵੇਸ਼ਨ ਐਕਟ 2006 ਪਾਸ ਕੀਤਾ ਗਿਆ, ਜਿਸ ਵਿਚ ਸੋਧ ਕਰਕੇ 2018 ਵਿਚ ਫਿਰ ਪਾਸ ਕੀਤਾ ਜਿਸ ਵਿੱਚ ਐਸਸੀ ਬੀਸੀ ਕੈਟਾਗਰੀ ਲਈ ਰਾਖਵੇਂਕਰਨ ਦੀ ਸੁਵਿਧਾ ਦਿੱਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਇਸ ਨਿਯਮ ਦੀ ਸਬ ਸੈਕਸ਼ਨ ਅੱਠ ਵਿੱਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਜੇਕਰ ਕੋਈ ਅਧਿਕਾਰੀ ਕਰਮਚਾਰੀ ਇਸ ਐਕਟ ਅਨੁਸਾਰ ਕਾਰਵਾਈ ਨਹੀਂ ਕਰਦਾ ਤਾਂ ਉਸ ਵਿਰੁੱਧ ਪੰਜਾਬ ਸਿਵਲ ਸਰਵਿਸਿਜ਼ ਪਨਿਸ਼ਮੈਂਟ ਐਂਡ ਅਪੀਲ ਰੂਲ 1970 ਤਹਿਤ ਕਾਰਵਾਈ ਕੀਤੀ ਜਾਵੇਗੀ।ਆਗੂਆਂ ਨੇ ਦੱਸਿਆ ਕਿ ਇਸ ਸੰਬੰਧੀ ਨੈਸ਼ਨਲ ਕਮਿਸ਼ਨ ਫਾਰ ਐੱਸਸੀ ਬੀਸੀ ਨਵੀਂ ਦਿੱਲੀ ਵੱਲੋੰ ਵੀ ਨੋਟਿਸ ਲਿਆ ਗਿਆ ਹੈ ਜਿਸ ਸਬੰਧ ਵਿਚ ਪੰਜਾਬ ਸਰਕਾਰ ਨੇ ਮਾਣਯੋਗ ਹਾਈਕੋਰਟ ਪੰਜਾਬ ਵਿੱਚ ਰਿੱਟ ਦਾਖ਼ਲ ਕੀਤੀ ਹੈ ਜਿਸ ਜਿਸ ਵਿਚ ਦਲੀਲ ਪੇਸ਼ ਕੀਤੀ ਗਈ ਕਿ ਐੱਸਸੀ ਬੀਸੀ ਲੋਕ ਕਾਬਿਲ ਨਹੀਂ ਹੁੰਦੇ। ਭਾਵੇਂ ਕਿ ਇਹ ਕੇਸ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਪ੍ਰੰਤੂ ਪੰਜਾਬ ਸਰਕਾਰ ਵਲੋਂ ਐਸਸੀ ਬੀਸੀ ਦੇ ਸੰਬੰਧ ਵਿਚ ਅਜਿਹਾ ਕਹਿਣਾ ਨਾ ਸਿਰਫ ਗੈਰਵਾਜਬ ਹੈ ਸਗੋਂ ਸੰਵਿਧਾਨ ਦੀ ਧਾਰਾ 16 ਅਤੇ 17 ਦੀ ਸ਼ਰ੍ਹੇਆਮ ਉਲੰਘਣਾ ਹੈ।ਜਿਸ ਨਾਲ ਐਸਸੀ ਬੀਸੀ ਵਰਗ ਦੇ ਲੋਕਾਂ ਦੇ ਅਧਿਕਾਰਾਂ ਦਾ ਘਾਣ ਹੋਇਆ ਹੈ।ਬੇਗਮਪੁਰਾ ਟਾਈਗਰ ਫੋਰਸ ਨੇ ਮੰਗ ਕੀਤੀ ਕਿ ਮਾਣਯੋਗ ਹਾਈਕੋਰਟ ਵਿੱਚ ਅਜਿਹੀ ਇਤਰਾਜਯੋਗ ਭਾਸ਼ਾ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਐਸਸੀ ਬੀਸੀ ਵਰਗ ਦੇ ਲੋਕ ਸੜਕਾਂ ਤੇ ਆਉਣ ਤੋਂ ਗੁਰੇਜ਼ ਨਹੀਂ ਕਰਨਗੇ।ਉਨ੍ਹਾਂ ਪੰਜਾਬ ਸਰਕਾਰ ਨੂੰ ਆਪਣੇ ਫੈਸਲੇ ਨੂੰ ਵਾਪਸ ਲੈ ਕੇ ਲਾਅ ਅਫਸਰਾਂ ਦੀਆਂ ਪੋਸਟਾਂ ਵਿੱਚ ਐੱਸਸੀ ਬੀਸੀ ਵਰਗ ਲਈ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਬੀਰਪਾਲ ਠਰੋਲੀ ਜ਼ਿਲ੍ਹਾ ਸਕੱਤਰ ਹੰਸਰਾਜ ਅਸਲਾਮਾਬਾਦ ਰੇਸ਼ਮ ਸਿੰਘ ਬਜਵਾਡ਼ਾ ਸਕੱਤਰ ਅਤੇ ਹੋਰ ਆਦਿ ਹਾਜ਼ਰ ਸਨ ।
ਫੋਟੋ ਮੁਨੀਰ








