ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਨੂੰ ਤੇਜ਼ ਕਰਨ ਲਈ ਘਰ-ਘਰ ਪਹੁੰਚ ਕੀਤੀ ਜਾ ਰਹੀ : ਹਰਕੰਵਲਜੀਤ
ਨਵਾਂ ਸ਼ਹਿਰ,11 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ ): ਸਰਕਾਰੀ ਸਕੂਲਾਂ ਵਿੱਚ ਸ਼ੈਸ਼ਨ 2022-23 ਲਈ ਦਾਖ਼ਲਾ ਮੁਹਿੰਮ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ। ਇਸ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਹਰੇਕ ਬਲਾਕ ਅਤੇ ਜ਼ਿਲ੍ਹਾ ਪੱਧਰ ਉੱਤੇ ਆਟੋ ਰਿਕਸ਼ਾ ਪਿੰਡਾਂ ਵਿੱਚ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਪਬਲਿਕ ਥਾਂਵਾਂ ਉੱਤੇ ਦਾਖ਼ਲਾ ਮੁਹਿੰਮ ਸੰਬੰਧੀ ਫਲੈਕਸ ਅਤੇ ਬਿੱਲ ਬੋਰਡ ਵੀ ਲਗਾਏ ਜਾ ਰਹੇ ਹਨ,ਇਸ ਸੰਬੰਧੀ ਜਾਣਕਾਰੀ ਦਿੰਦਿਆ ਹਰਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ),ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜ਼ਿਲ੍ਹਾ,ਬਲਾਕ ਅਤੇ ਸਕੂਲ ਪੱਧਰ ਉੱਤੇ ਦਾਖ਼ਲੇ ਸੰਬੰਧੀ ਟੀਮਾਂ ਦਾ ਗਠਨ ਕੀਤਾ ਹੋਇਆ ਹੈ,ਜੋ ਕਿ ਰੋਜ਼ਾਨਾ ਘਰ-ਘਰ ਜਾਕੇ ਆਮ ਪਬਲਿਕ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਮੁਫ਼ਤ ਸਹੂਲਤਾਂ ਵਾਰੇ ਜਾਗਰੂਕ ਕਰਵਾਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਸਕੂਲਾਂ ਵਿੱਚ ਰੋਜ਼ਾਨਾ ਦਾਖ਼ਲਾ ਹੋ ਰਿਹਾ ਹੈ। ਅੱਜ ਤੱਕ ਜ਼ਿਲ੍ਹੇ ਦੇ 425 ਸਕੂਲਾਂ ਵਿੱਚ ਐਲ ਕੇ ਜੀ ਤੱਕ 6103 ਅਤੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ 22626 ਬੱਚੇ ਦਾਖਿਲ ਹੋ ਚੁੱਕੇ ਹਨ।

ਉਨ੍ਹਾਂ ਵਲੋਂ ਦਾਖ਼ਲਾ ਮੁਹਿੰਮ ਲਈ ਨਿਯੁਕਤ ਕੀਤੇ ਬਲਾਕ ਨੋਡਲ ਅਫ਼ਸਰ ਸਾਹਿਬਾਨ ਨਾਲ ਰੋਜ਼ਾਨਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਟੀਮ ਵਲੋਂ ਹਰ ਰੋਜ਼ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਵੇ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਵੱਧ ਤੋਂ ਵੱਧ ਦਾਖ਼ਲਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਧ ਸਕੇ। ਉਨ੍ਹਾਂ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਵੀ ਕੀਤੀ ਕਿ ਉਹ ਆਪਣੇ ਪੱਧਰ ਉੱਤੇ ਵੀ ਦਾਖ਼ਲਾ ਪੱਧਰ ਲਈ ਵਿਸ਼ੇਸ਼ ਉੱਪਰਾਲੇ ਕਰਕੇ ਮਾਪਿਆਂ ਨੂੰ ਪ੍ਰੇਰਿਤ ਕਰਨ। ਅੱਜ ਉਨ੍ਹਾਂ ਵਲੋਂ ਪਿੰਡਾਂ ਵਿੱਚ ਦਾਖ਼ਲਾ ਮੁਹਿੰਮ ਸੰਬੰਧੀ ਚੱਲ ਰਹੇ ਆਟੋ ਰਿਕਸ਼ਾ ਨਾਲ ਪਿੰਡ ਮਹਾਲੋਂ,ਮਹਿੰਦੀਪੁਰ, ਦੁਰਗਾਪੁਰ,ਕੁਲਾਮ ਅਤੇ ਨਵਾਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਜਾਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦਿਆਲ ਸਿੰਘ, ਨੀਲ ਕਮਲ,ਪਵਨਦੀਪ ਅਤੇ ਭੁਪਿੰਦਰ ਸਿੰਘ ਵੀ ਮੌਜੂਦ ਸਨ।
ਕੈਪਸ਼ਨ: ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ) ਅਤੇ ਜ਼ਿਲ੍ਹਾ ਟੀਮ ਦਾਖ਼ਲੇ ਸੰਬੰਧੀ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ।








