–ਜ਼ਿਲ੍ਹਾ ਚੋਣ ਅਫ਼ਸਰ ਨੇ ਕਮਿਸ਼ਨ ਵਲੋਂ ਜਾਰੀ ਸ਼ਡਿਊਲ, ਨਾਮਜ਼ਦਗੀ ਕੇਂਦਰਾਂ ਤੇ ਨਿਯਮਾਂ ਬਾਰੇ ਦਿੱਤੀ ਜਾਣਕਾਰੀ
–ਕਿਹਾ, 2 ਫਰਵਰੀ ਨੂੰ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੇ 4 ਨੂੰ ਵਾਪਸ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ
ਹੁਸ਼ਿਆਰਪੁਰ, 24 ਜਨਵਰੀ(ਬਿਊਰੋ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਸੋਧੇ ਨੋਟੀਫਿਕੇਸ਼ਨ ਤਹਿਤ ਜ਼ਿਲ੍ਹੇ ਵਿਚ ਵੋਟਾਂ ਲਈ ਨੋਟੀਫਿਕੇਸ਼ਨ 25 ਜਨਵਰੀ 2022 ਨੂੰ ਜਾਰੀ ਹੋਵੇਗਾ ਅਤੇ ਇਸੇ ਦਿਨ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 1 ਫਰਵਰੀ 2022 ਹੋਵੇਗੀ। 02 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 4 ਫਰਵਰੀ 2022 ਹੈ। ਉਨ੍ਹਾਂ ਦੱਸਿਆ ਕਿ ਵੋਟਾਂ 20 ਫਰਵਰੀ 2022 ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਇਸ ਸਬੰਧ ਵਿਚ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਉਮੀਦਵਾਰਾਂ ਦੇ ਨਾਮਜ਼ਦਗੀ ਲਈ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨਾਮੀਨੇਸ਼ਨ ਸੈਂਟਰ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਲਈ ਐਸ.ਡੀ.ਐਮ ਦਫ਼ਤਰ, ਕੋਰਟ ਰੂਮ ਗਰਾਊਂਡ ਫਲੋਰ ਮੁਕੇਰੀਆਂ, ਵਿਧਾਨ ਸਭਾ ਹਲਕਾ ਦਸੂਹਾ ਲਈ ਐਸ.ਡੀ.ਐਮ. ਦਫ਼ਤਰ, ਕੋਰਟ ਰੂਮ ਦਸੂਹਾ, ਵਿਧਾਨ ਸਭਾ ਹਲਕਾ ਉੜਮੁੜ ਲਈ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ, ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਲਈ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ, ਸਵਾਮੀ ਵਿਵੇਕਾਨੰਦ ਭਵਨ ਨਜਦੀਕ ਨਿਊ ਧੋਬੀ ਘਾਟ ਚੌਕ ਹੁਸ਼ਿਆਰਪੁਰ, ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਲਈ ਐਸ.ਡੀ.ਐਮ. ਦਫ਼ਤਰ ਕੋਰਟ ਰੂਮ ਹੁਸ਼ਿਆਰਪੁਰ, ਵਿਧਾਨ ਸਭਾ ਹਲਕਾ ਚੱਬੇਵਾਲ ਲਈ ਕੋਰਟ ਰੂਮ ਦਫ਼ਤਰ ਡਿਪਟੀ ਕਮਿਸ਼ਨਰ (ਜ) ਪਹਿਲੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਲਈ ਐਸ.ਡੀ.ਐਮ. ਦਫ਼ਤਰ ਕੋਰਟ ਰੂਮ ਗੜ੍ਹਸ਼ੰਕਰ ਬਣਾਏ ਗਏ ਹਨ।
ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਉਮੀਦਵਾਰ ਵਲੋਂ ਨਵੀਨਤਮ ਫਾਰਮ 26, ਹਲਫੀਆ ਬਿਆਨ ਆਨਲਾਈਨ ਵੀ ਭਰਿਆ ਜਾ ਸਕਦਾ ਹੈ। ਮੁੱਖ ਚੋਣ ਅਫ਼ਸਰ ਜਾਂ ਜ਼ਿਲ੍ਹਾ ਚੋਣ ਅਫ਼ਸਰ ਦੀ ਵੈਬਸਾਈਟ ਤੋਂ ਇਸ ਦਾ ਪ੍ਰਿੰਟ ਲਿਆ ਜਾ ਸਕਦਾ ਹੈ ਅਤੇ ਨੋਟਰਾਈਜੇਸ਼ਨ ਤੋਂ ਰਿਟਰਨਿੰਗ ਅਫ਼ਸਰ ਕੋਲ ਇਸ ਨਾਮਜ਼ਦਗੀ ਫਾਰਮ ਸਮੇਤ ਜਮ੍ਹਾਂ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਲਈ ਕੇਵਲ ਦੋ ਵਾਹਨ ਤੇ ਨਾਮਜਦਗੀ ਦਾਖਲ ਕਰਨ ਸਮੇਂ ਉਮੀਦਵਾਰ ਨਾਲ ਦੋ ਲੋਕ ਹੀ ਆ ਸਕਦੇ ਹਨ। ਸਧਾਰਨ ਵਰਗ ਲਈ ਨਾਮਜ਼ਦਗੀ ਫੀਸ 10 ਹਜ਼ਾਰ ਰੁਪਏ ਤੇ ਰਿਜ਼ਰਵ ਕੈਟਾਗਰੀ (ਐਸ.ਸੀ., ਐਸ.ਟੀ.) ਲਈ ਨਾਮਜਦਗੀ ਫੀਸ 5 ਹਜ਼ਾਰ ਰੁਪਏ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਵਲੋਂ ਵੱਧ ਤੋਂ ਵੱਧ 40 ਲੱਖ ਰੁਪਏ ਖਰਚ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਰਾਧਿਕ ਪਿਛੋਕੜ ਉਮੀਦਵਾਰਾਂ ਲਈ ਜ਼ਰੂਰੀ ਹੈ ਕਿ ਉਹ ਸਮਾਚਾਰ ਪੇਪਰ ਤੇ ਟੀ.ਵੀ. ਚੈਨਲਾਂ ਰਾਹੀਂ ਇਸ ਸਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਨ। ਇਹ ਜਾਣਕਾਰੀ ਉਨ੍ਹਾਂ ਤਿੰਨ ਮੌਕਿਆਂ, ਨਾਮਜ਼ਦਗੀ ਵਾਪਸ ਲੈਣ ਦੀ ਮਿਤੀ ਦੇ ਚਾਰ ਦਿਨ ਦੇ ਅੰਦਰ, 5ਵੇਂ ਤੇ 8ਵੇਂ ਦਿਨ ਦੇ ਦਰਮਿਆਨ, 9ਵੇਂ ਦਿਨ ਤੋਂ ਆਖਰੀ ਦਿਨ ਤੱਕ (ਪੋÇਲੰਗ ਤੋਂ ਦੋ ਦਿਨ ਪਹਿਲਾਂ)। ਇਸ ਤੋਂ ਇਲਾਵਾ ਫਾਰਮ ਏ ਤੇ ਬੀ ਮੂਲ ਰੂਪ ਵਿਚ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਰਿਟਰਨਿੰਗ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।








