ਫਗਵਾੜਾ (ਲਾਲੀ ਦਾਦਰ )
ਐ.ਪੀ.ਯੂ. ਦੇ ਮਾਲਕਾਂ ਤੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ
* ਇਨਸਾਫ ਨਾ ਮਿਲਣ ਤੇ ਸੰਘਰਸ਼ ਦੀ ਦਿੱਤੀ ਚਿਤਾਵਨੀ
26 ਦਸੰਬਰ : ਭਾਰਤੀ ਕਿਸਾਨ ਯੂਨੀਅਨ ਚਢੂਨੀ (ਪੰਜਾਬ) ਦਾ ਇਕ ਵਫਦ ਅਮਰੀਕ ਸਿੰਘ ਸੀਕਰੀ ਪ੍ਰਧਾਨ ਜਿਲ੍ਹਾ ਕਪੂਰਥਲਾ ਦੀ ਅਗਵਾਈ ਹੇਠ ਹਰਪ੍ਰੀਤ ਸਿੰਘ ਬੈਨੀਪਾਲ ਐਸ.ਪੀ. ਹੈਡ ਕੁਆਰਟਰ (ਕਪੂਰਥਲਾ) ਨੂੰ ਮਿਲਿਆ। ਵਫਦ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਇਸ ਦੌਰਾਨ ਵਫਦ ਵਲੋਂ ਐਸ.ਪੀ. ਬੈਨੀਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਫਗਵਾੜਾ ਜਲੰਧਰ ਰੋਡ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਮਾਲਕ ਰਾਕੇਸ਼ ਮਿੱਤਲ, ਅਸ਼ੋਕ ਮਿੱਤਲ ਸਮੇਤ ਐਲ.ਪੀ.ਯੂ. ਦੇ ਇਕ ਕਰਮਚਾਰੀ ਸੁਰਿੰਦਰ ਖੁਰਾਣਾ ਅਤੇ ਉਸ ਸਮੇਂ ਦੇ ਐਸ.ਐਚ.ਓ. ਸਤਨਾਮਪੁਰਾ ਉਂਕਾਰ ਸਿੰਘ ਬਰਾੜ ਖਿਲਾਫ ਅਵਲਪ੍ਰੀਤ ਕੌਰ ਨਾਂ ਦੀ ਗਰਭਵਤੀ ਔਰਤ ਨਾਲ ਧੱਕੇਸ਼ਾਹੀ ਕਰਨ ਦੇ ਸੰਗੀਨ ਦੋਸ਼ ਲਗਾਉਂਦੇ ਹੋਏ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਮੰਗ ਪੱਤਰ ਦੇਣ ਉਪਰੰਤ ਯੂਨੀਅਨ ਦੇ ਉਕਤ ਆਗੂਆਂ ਦੀ ਹਾਜਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਲਪ੍ਰੀਤ ਕੌਰ ਦੇ ਪਤੀ ਮਨਜੀਤ ਸਿੰਘ ਵਾਸੀ ਪਿੰਡ ਮਾਧੋਪੁਰ ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਐਲ.ਪੀ.ਯੂ. ਗੇਟ ਦੇ ਨਾਲ ਲਗਦੀ ਆਪਣੀ ਜੱਦੀ ਜਮੀਨ ਵਿਚ ਰਹਿੰਦਾ ਸੀ ਤਾਂ 16 ਸਤੰਬਰ 2019 ਨੂੰ ਉਸਦੇ ਸਹੁਰੇ ਪਰਿਵਾਰ ਨੇ ਫੋਨ ਕਰਕੇ ਉਸਦੀ ਪਤਨੀ ਨੂੰ ਬੁਲਾਇਆ ਸੀ। ਜਿਸ ਤੇ ਉਹ ਆਪਣੀ ਪਤਨੀ ਅਵਲਪ੍ਰੀਤ ਕੌਰ ਜੋ ਕਿ ਉਸ ਸਮੇਂ ਗਰਭਵਤੀ ਸੀ, ਆਪਣੇ ਦੋ ਬੱਚਿਆਂ ਵੱਡਾ ਲੜਕਾ ਸਹਿਜਬੀਰ ਸਿੰਘ ਉਮਰ ਸੱਤ ਸਾਲ ਅਤੇ ਛੋਟੀ ਲੜਕੀ ਜੈਸਮੀਨ ਕੌਰ ਉਮਰ ਚਾਰ ਸਾਲ ਅਤੇ ਇਕ ਹੋਰ ਗੁਆਂਢਣ ਕੁਲਦੀਪ ਕੌਰ ਦੇ ਨਾਲ ਆਪਣੇ ਸਹੁਰੇ ਘਰ ਗਿਆ ਤਾਂ ਦੇਖਿਆ ਕਿ ਉੱਥੇ ਕਾਫੀ ਪੁਲਿਸ ਖੜੀ ਸੀ। ਜਿਹਨਾਂ ਨੇ ਮੇਰੀ ਪਤਨੀ ਦੇ ਦੋਵੇਂ ਭਰਾਵਾਂ ਨਵਦੀਪ ਸਿੰਘ ਉਰਫ ਜਿੱਪੀ ਅਤੇ ਮਨਦੀਪ ਸਿੰਘ ਅਤੇ ਮੇਰੀ ਸੱਸ ਹਰਵਿੰਦਰ ਕੌਰ ਨੇ ਆਪਣੀ ਹਿਰਾਸਤ ਵਿਚ ਲਿਆ ਹੋਇਆ ਸੀ। ਸਾਡੇ ਪਹੁੰਚਦੇ ਹੀ ਸਾਨੂੰ ਵੀ ਬਿਨਾਂ ਕੁੱਝ ਦੱਸੇ-ਪੁੱਛੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਮੌਕੇ ਤੇ ਕੁੱਝ ਪ੍ਰਾਈਵੇਟ ਗੱਡੀਆਂ ਅਤੇ ਸਿਵਲ ਵਰਦੀ ਵਿਚ ਪੁਲਿਸ ਵਾਲੇ ਵੀ ਸਨ। ਸਾਨੂੰ ਪੁਲਿਸ ਸੀ.ਆਈ.ਏ. ਸਟਾਫ ਫਗਵਾੜਾ ਲੈ ਆਈ। ਫਿਰ ਸਾਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਸ਼ਾਮ ਨੂੰ ਮਾਡਰਨ ਜੇਲ੍ਹ ਕਪੂਰਥਲਾ ਭੇਜ ਦਿੱਤਾ ਗਿਆ। ਸਾਡੇ ਖਿਲਾਫ ਪੁਲਿਸ ਨੇ ਝੂਠੀ ਐਫ.ਆਈ.ਆਰ. 141/2019 ਦਰਜ ਕਰ ਲਈ ਜਿਸ ਵਿਚ ਸਾਢੇ ਖਿਲਾਫ ਭੰਨ ਤੋੜ ਅਤੇ ਚੋਰੀ ਦਾ ਇਲਜਾਮ ਲਗਾਇਆ ਗਿਆ ਸੀ। ਇਸ ਦੌਰਾਨ ਐਸ.ਐਚ.ਓ. ਉਂਕਾਰ ਸਿੰਘ ਬਰਾੜ, ਤਹਿਸੀਲਦਾਰ ਫਗਵਾੜਾ ਅਤੇ ਸੁਰਿੰਦਰ ਖੁਰਾਣਾ ਨੇ ਸਾਡੇ ਨਾਲ ਧੱਕਾ-ਮੁੱਕੀ ਤੇ ਕੁੱਟਮਾਰ ਕੀਤੀ। ਜਿਸ ਕਰਕੇ ਮੇਰੀ ਪਤਨੀ ਦਾ ਗਰਭਪਾਤ ਹੋ ਗਿਆ। ਪੀੜ੍ਹਤ ਨੇ ਦੱਸਿਆ ਕਿ ਇਸ ਹਾਦਸੇ ਨਾਲ ਉਸਦੀ ਪਤਨੀ ਨੂੰ ਕਾਫੀ ਲੱਗਾ ਤੇ ਉਹ ਕਾਫੀ ਬਿਮਾਰ ਰਹੀ ਅਤੇ 32 ਦਿਨ ਜੇਲ੍ਹ ‘ਚ ਰਹਿਣ ਤੋਂ ਬਾਅਦ ਉਹਨਾਂ ਨੂੰ ਜਮਾਨਤ ਮਿਲੀ। ਮਨਜੀਤ ਸਿੰਘ ਨੇ ਐਸ.ਪੀ. ਹੈਡ ਕੁਆਰਟਰ ਤੋਂ ਨਿਆ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਸਦੇ ਸਹੁਰੇ ਪਰਿਵਾਰ ਦਾ ਕੋਈ ਜਮੀਨੀ ਝਗੜਾ ਸੀ ਤਾਂ ਉਸਦਾ ਜਾਂ ਉਸਦੀ ਪਤਨੀ ਤੇ ਛੋਟੇ ਬੱਚਿਆਂ ਦਾ ਇਸ ਵਿਚ ਕੋਈ ਵੀ ਲੈਣਾ-ਦੇਣਾ ਨਹੀਂ ਸੀ। ਪੁਲਿਸ ਤੇ ਪ੍ਰਸ਼ਾਸਨ ਨੇ ਐਲ.ਪੀ.ਯੂ. ਦੇ ਮਾਲਕਾਂ ਨਾਲ ਰਲ ਕੇ ਬਹੁਤ ਵੱਡੀ ਧੱਕੇਸ਼ਾਹੀ ਕੀਤੀ ਹੈ। ਇਸ ਦੌਰਾਨ ਕਿਸਾਨ ਯੂਨੀਅਨ ਆਗੂਆਂ ਨੇ ਅਵਲਪ੍ਰੀਤ ਕੌਰ ਦਾ ਗਰਭ ਗਿਰਾਉਣ ਦੇ ਦੋਸ਼ ਵਿਚ ਉਕਤ ਸਾਰੇ ਵਿਅਕਤੀਆਂ ਖਿਲਾਫ ਧਾਰਾ 302 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਤੁਰੰਤ ਗਿਰਫਤਾਰੀ ਦੀ ਮੰਗ ਵੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਮਾਮਲੇ ਨੂੰ ਸਿਆਸੀ ਦਬਾਅ ਹੇਠ ਗੰਭੀਰਤਾ ਨਾਲ ਨਾ ਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਵਫਦ ਵਿਚ ਮਨਜੀਤ ਸਿੰਘ ਬਰਨ, ਰਵਿੰਦਰ ਸਿੰਘ, ਸਾਹਿਲ, ਤੇਜੀ ਸੰਧੂ ਆਦਿ ਵੀ ਸ਼ਾਮਲ ਸਨ।
ਤਸਵੀਰ ਸਮੇਤ।








