ਗੜ੍ਹਦੀਵਾਲਾ (ਚੌਧਰੀ)
22 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੀਆਂ ਖਿਡਾਰੀ ਟੀਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਮਾਨਯੋਗ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਗਏ ਅੰਤਰ-ਕਾਲਜ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਅਤੇ ਟੀਮਾਂ ਦੇ ਇੰਚਾਰਜ ਮੈਡਮ ਸੀਮਾ ਕੁਮਾਰੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਅਲੱਗ-ਅਲੱਗ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਨਾਂ ਮੁਕਾਬਲਿਆਂ ਵਿੱਚ ਲੜਕਿਆਂ ਦੀ ਹੋਈ ਵਾਲੀਬਾਲ ਖੇਡ ਵਿੱਚ ਵੱਖ-ਵੱਖ ਕਾਲਜ ਦੀਆਂ 13 ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੀ ਟੀਮ ਨੇ ਸੋਨ-ਤਮਗ਼ਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਕ੍ਰਿਕਟ ਖੇਡ ਮੁਕਾਬਲਿਆਂ ਵਿੱਚ ਅਲੱਗ-ਅਲੱਗ ਕਾਲਜਾਂ ਦੀਆਂ 10 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਸਕਟਬਾਲ ਖੇਡ ਮੁਕਾਬਲਿਆਂ ਵਿੱਚ 8 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਕਾਲਜ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ। ਉਹਨਾਂ ਨੇ ਟੀਮ ਇੰਚਾਰਜ ਮੈਡਮ ਸੀਮਾ ਕੁਮਾਰੀ ਨੂੰ ਖਿਡਾਰੀਆਂ ਦੀ ਕੀਤੀ ਯੋਗ ਅਗਵਾਈ ਅਤੇ ਟੀਮਾਂ ਦੀ ਜਿੱਤ ਲਈ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।