ਹਿੰਦੂ ਭਾਈਚਾਰੇ ਦੀਆਂ ਵੋਟਾਂ ਵਟੋਰਨ ਲਈ ਮੁੱਖ ਮੰਤਰੀ ਚੰਨੀ ਵੱਲੋਂ ਸੰਸਕ੍ਰਿਤ ਭਾਸ਼ਾ ਦੇ ਵਿਕਾਸ ਲਈ ਗ੍ਰਾਂਟਾਂ ਦੇ ਗੱਫ਼ੇ ਦੇਣ ਦਾ ਐਲਾਨ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ
ਸੰਸਕ੍ਰਿਤ ਭਾਸ਼ਾ ਅਧਿਆਪਕਾਂ ਦੀਆਂ ਸੈਂਕੜੇ ਆਸਾਮੀਆਂ ਹੋਈਆਂ ਖਤਮ
ਗੁਰਦਾਸਪੁਰ 9 ਦਸੰਬਰ ( ਅਸ਼ਵਨੀ ) : ਪੰਜਾਬ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਆਗਾਮੀ ਚੋਣਾਂ ਵਿੱਚ ਵੋਟਾਂ ਦੀ ਫ਼ਸਲ ਵੱਢਣ ਲਈ ਵੱਖ-ਵੱਖ ਧਰਮਾਂ, ਜਾਤਾਂ, ਅਤੇ ਖਿੱਤਿਆਂ ਦੇ ਵਰਗਾਂ ਦੇ ਲੋਕਾਂ ਨੂੰ ਵੱਖ-ਵੱਖ ਐਲਾਨਾਂ ਰਾਹੀਂ ਤੁਸ਼ਟੀਕਰਣ ਦੇ ਰਾਹ ਉੱਤੇ ਪਏ ਹੋਏ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਐਲਾਨ ਕਈ ਵਾਰ ਸਚਾਈ ਤੋਂ ਕੋਹਾਂ ਦੂਰ ਹੁੰਦੇ ਹਨ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨੇ ਹਿੰਦੂ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਭਗਵਾਨ ਸ਼੍ਰੀ ਪਰਸ਼ੂ ਰਾਮ ਜੀ ਚੇਅਰ ਸਥਾਪਿਤ ਕਰਨ, ਮਹਾਂਭਾਰਤ ਅਤੇ ਸ੍ਰੀ ਰਮਾਇਣ ਉਤੇ ਸੰਸਕ੍ਰਿਤ ਦੇ ਖੋਜ ਅਰਥੀਆਂ ਵਲੋਂ ਇਹਨਾਂ ਗ੍ਰੰਥਾਂ ਵਿੱਚ ਦਿੱਤੇ ਹਵਾਲਿਆਂ, ਸਥਾਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪੰਜਾਬ ਦੇ ਇਸ ਐਲਾਨ ਨਾਲ ਇਕ ਵਾਰ ਸੰਸਕ੍ਰਿਤ ਭਾਸ਼ਾ ਪ੍ਰੇਮੀਆਂ ਨੂੰ ਹੁਲਾਰਾ ਮਿਲਿਆ ਹੈ ਪਰ ਜਦੋਂ ਪੰਜਾਬ ਵਿੱਚ ਸੰਸਕ੍ਰਿਤ ਭਾਸ਼ਾ ਦੀ ਦਸ਼ਾ ਤੇ ਦਿਸ਼ਾ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਤਾਂ ਵਿਸ਼ਵ ਦੀ ਸਿਰਮੌਰ ਭਾਸ਼ਾ ਸੰਸਕ੍ਰਿਤ ਭਾਸ਼ਾ ਪੰਜਾਬ ਵਿਚੋਂ ਲੁਪਤ ਹੋਣ ਕਿਨਾਰੇ ਹੈ। ਜਾਣਕਾਰੀ ਮੁਤਾਬਕ 1980 ਤੋਂ ਪਹਿਲਾਂ ਪੰਜਾਬ ਵਿੱਚ ਸੰਸਕ੍ਰਿਤ ਭਾਸ਼ਾ ਦੇ 90 ਸਰਕਾਰੀ ਅਤੇ ਗੈਰਸਰਕਾਰੀ ਕਾਲਜ਼ ਸਨ। ਜਿਹਨਾਂ ਵਿਚ ਅੰਮਿ੍ਰਤਸਰ, ਹੁਸ਼ਿਆਰਪੁਰ, ਖੰਨਾ, ਨਾਭਾ, ਪਟਿਆਲਾ, ਦੀਨਾਨਗਰ, ਪੰਡੋਰੀ ਧਾਮ ਪ੍ਰਮੁੱਖ ਸਨ। ਜਿਥੇ ਉਤਰ ਭਾਰਤ ਦੇ ਸੈਂਕੜੇ ਵਿਦਿਆਰਥੀ ਪ੍ਰਭਾਕਰ, ਸਾਸਤਰੀ, ਆਚਾਰਯ, ਅਤੇ ਵੇਦਾਂਤ ਧਰਮ ਸ਼ਾਸਤਰ ਦਾ ਅਧਿਐਨ ਕਰਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਸੇਵਾ ਕਰਦੇ ਸਨ। ਪੰਜਾਬ ਸਰਕਾਰ, ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਸੰਸਕ੍ਰਿਤ ਭਾਸ਼ਾ ਦੀ ਪੁਸ਼ਤਪਨਾਹੀ ਤੋਂ ਅੱਖਾਂ ਫੇਰਨ ਕਾਰਨ ਪੰਜਾਬ ਵਿੱਚ ਇਸ ਸਮੇਂ ਸਿਰਫ 7 ਕਾਲਜ਼ ਰਹਿ ਗਏ ਹਨ। ਜਿਹਨਾਂ ਵਿਚ ਨਾਂਮਾਤਰ ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਜਾਣਕਾਰੀ ਅਨੁਸਾਰ 1989 ਤੋਂ ਬਾਅਦ ਡੀ ਪੀ ਆਈ ਕਾਲਜਾਂ ਨੇ ਸੰਸਕ੍ਰਿਤ ਕਾਲਜਾਂ ਨੂੰ ਮਿਲਦੀ 29000 ਰੁਪਏ ਦੀ ਗ੍ਰਾਂਟ ਬੰਦ ਕਰ ਦਿੱਤੀ ਹੈ। ਪਟਿਆਲਾ ਅਤੇ ਨਾਭਾ ਦੇ ਦੋਨੋਂ ਸਰਕਾਰੀ ਸੰਸਕ੍ਰਿਤ ਭਾਸ਼ਾ ਦੇ ਕਾਲਜ਼ ਬੰਦ ਕਰ ਦਿੱਤੇ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸਾਬਕਾ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਮੁੱਖ ਮੰਤਰੀ ਪੰਜਾਬ ਦੇ ਐਲਾਨ ਨੁੰ ਚੋਣ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਬਗੈਰ ਲੱਤਾਂ ਤੋਂ ਕੁਰਸੀ ਫੱਟਾ ਤਾਂ ਬਣ ਸਕਦੀ ਹੈ। ਪਰ ਕੁਰਸੀ ਨਹੀ ਕਹਾ ਸਕਦੀ। ਉਨ੍ਹਾਂ ਪਿਛਲੀਆਂ ਸਾਰੀਆਂ ਸਰਕਾਰਾਂ ਤੇ ਦੋਸ਼ ਲਾਇਆ ਕਿ ਸਕੂਲਾਂ ਵਿਚੋਂ ਸੰਸਕ੍ਰਿਤ ਭਾਸ਼ਾ ਨੂੰ ਲਗਭਗ ਖਤਮ ਕਰ ਦਿੱਤਾ ਹੈ।ਸੰਸਕ੍ਰਿਤ ਭਾਸ਼ਾ ਦੇ ਵਿਸੇ ਨੂੰ ਪਾਠਕ੍ਰਮ ਵਿਚ ਕੋਈ ਸਥਾਨ ਨਹੀਂ ਹੈ। ਪਿਛਲੇ ਦੱਸ ਸਾਲਾਂ ਤੋਂ ਇਕ ਵੀ ਅਧਿਆਪਕ ਭਰਤੀ ਨਹੀਂ ਕੀਤਾ। ਅਧਿਆਪਕਾਂ ਦੀ ਅਣਹੋਂਦ ਕਾਰਨ ਸੰਸਕ੍ਰਿਤ ਭਾਸ਼ਾ ਦੀਆਂ ਆਸਾਮੀਆਂ ਖਤਮ ਕਰ ਦਿਤੀਆਂ ਹਨ। ਗੁਰਦਾਸਪੁਰ, ਪਠਾਨਕੋਟ ਵਿੱਚ ਕਿਸੇ ਸਮੇਂ 65 ਸੰਸਕ੍ਰਿਤ ਅਧਿਆਪਕ ਸਨ। ਜੋ ਕਿ ਹੁਣ ਨੌ ਦੇ ਲਗਭਗ ਰਹਿ ਗਏ ਹਨ। ਹਿੰਦੂਆਂ ਦੇ ਧਾਰਮਿਕ ਸਥਾਨ ਪੰਡੋਰੀ ਧਾਮ ਦੇ ਯੋਗੀ ਰਾਜ ਭਗਵਾਨ ਨਾਰਾਇਣ ਸਰਕਾਰੀ ਸਕੂਲ ਵਿੱਚ ਅਮਰਜੀਤ ਸ਼ਾਸਤਰੀ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਸੈਂਕੜੇ ਵਿਦਿਆਰਥੀ ਸੰਸਕ੍ਰਿਤ ਭਾਸ਼ਾ ਪੜਨ ਤੋਂ ਵਿਰਵੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੰਸਕ੍ਰਿਤ ਭਾਸ਼ਾ ਦੀਆਂ ਕਿਤਾਬਾਂ ਛਾਪਣੀਆਂ ਬੰਦ ਕਰ ਦਿਤੀਆਂ ਹਨ। ਪੰਜਾਬ ਸਰਕਾਰ ਵੱਲੋਂ ਅਧਿਆਪਕ ਯੋਗਤਾ ਪਰੀਖਿਆ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਹੁਣ ਵੇਖਣਾ ਹੈ ਕਿ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਸੰਸਕ੍ਰਿਤ ਭਾਸ਼ਾ ਦੇ ਵਿਕਾਸ ਲਈ ਕਿੰਨੇ ਸਹਾਈ ਹੂੰਦੇ ਹਨ ?