ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਇੰਜੀ: ਹਰਵਿੰਦਰਪਾਲ ਸਿੰਘ ਸ਼ਾਹਬਾਦ ਨੂੰ ਟਿਕਟ ਦੇਣ ਦੀ ਮੰਗ ਕੀਤੀ
ਬਟਾਲਾ, 7 ਦਸੰਬਰ ( ਸੁਨੀਲ ਚੰਗਾ ) – ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਇੰਜੀਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਦਾ ਨਾਮ ਇਸ ਸਮੇਂ ਪੂਰੀ ਚਰਚਾ ਵਿੱਚ ਚੱਲ ਰਿਹਾ ਹੈ। ਇੰਜੀਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਸੂਬਾ ਪੱਧਰ ’ਤੇ ਕਾਂਗਰਸ ਪਾਰਟੀ ਦੇ ਐੱਸ.ਸੀ. ਵਿੰਗ ਦੇ ਵਾਈਸ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਸੀਨੀਅਰ ਵਾਈਸ ਪ੍ਰਧਾਨ ਵਜੋਂ ਪਾਰਟੀ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਪਿੰਡ ਸ਼ਾਹਬਾਦ ਦੇ ਮੌਜੂਦਾ ਸਰਪੰਚ ਵੀ ਹਨ।
ਕਾਂਗਰਸ ਪਾਰਟੀ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਆਪਣੀ ਖਾਸ ਪਛਾਣ ਤੇ ਅਧਾਰ ਰੱਖਣ ਵਾਲੇ ਇੰਜੀਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਦਾ ਨਾਮ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਪਾਰਟੀ ਹਾਈਕਮਾਨ ਨੂੰ ਪੇਸ਼ ਕੀਤਾ ਗਿਆ ਹੈ ਅਤੇ ਪੂਰੀ ਕੋਸ਼ਿਸ਼ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ 2022 ਵਿੱਚ ਉਨ੍ਹਾਂ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਪਾਰਟੀ ਉਮੀਦਵਾਰ ਐਲਾਨੇ।
ਓਧਰ ਦੂਜੇ ਪਾਸੇ ਸੀਨੀਅਰ ਕਾਂਗਰਸੀ ਆਗੂ ਇੰਜੀਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਵੀ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਵੱਲੋਂ ਹਲਕੇ ਦੇ ਸਾਰੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਹਲਕੇ ਦੇ ਵਰਕਰਾਂ ਅਤੇ ਵੋਟਰਾਂ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ।
ਇੰਜੀਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਨੇ ਹਮੇਸ਼ਾਂ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਹਲਕਾ ਉਨ੍ਹਾਂ ਦਾ ਆਪਣਾ ਹਲਕਾ ਹੈ ਅਤੇ ਉਹ ਹਲਕੇ ਵਾਸੀਆਂ ਦੇ ਹਰ ਦੁੱਖ-ਸੁੱਖ ਦੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ ਕਿ ਉਹ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਲੜਨ। ਇਸਦੇ ਨਾਲ ਹੀ ਵਰਕਰਾਂ ਨੇ ਆਪਣੀ ਇਹ ਰਾਏ ਹਾਈਕਮਾਨ ਤੱਕ ਵੀ ਪਹੁੰਚਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਰਾਇ ਅਨੁਸਾਰ ਉਨ੍ਹਾਂ ਨੇ ਸ੍ਰੀ ਹਰਗੋਬਿੰਦਪੁਰ ਤੋਂ ਆਪਣੀ ਉਮੀਦਵਾਰੀ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਹਲਕੇ ਦੇ ਵਰਕਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਜਰੂਰ ਦੇਵੇਗੀ। ਇੰਜੀਨੀਅਰ ਸ਼ਾਹਬਾਦ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਲਈ ਉਨ੍ਹਾਂ ਨੇ ਖਾਕਾ ਤਿਆਰ ਕੀਤਾ ਹੋਇਆ ਹੈ ਅਤੇ ਲੋਕਾਂ ਦੀ ਇਛਾਵਾਂ ਅਨੁਸਾਰ ਹਲਕੇ ਦੇ ਸਾਰੇ ਕੰਮ ਕੀਤੇ ਜਾਣਗੇ।