ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਦੇ ਕੋਚ ਨੇ ਬੁਲੰਦੀਆਂ ਦੀ ਪੁੱਟੀ ਨਵੀਂ ਪੁਲਾਂਘ,ਭਾਰਤੀ ਜੁਨੀਅਰ ਜੂਡੋ ਟੀਮ ਦਾ ਕੋਚ ਬਣਕੇ ਲੈਬਨਾਨ ਲਈ ਹੋਇਆ ਰਵਾਨਾ
ਗੁਰਦਾਸਪੁਰ 30 ਨਵੰਬਰ ( ਅਸ਼ਵਨੀ ) :- ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਖਿਡਾਰੀ ਪੈਦਾ ਕਰਨ ਵਾਲੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਜੂਡੋ ਦੇ ਸੁਨਹਿਰੀ ਪੰਨਿਆਂ ਵਿਚ ਇੱਕ ਹੋਰ ਪੰਨਾ ਜੋੜ ਦਿੱਤਾ ਹੈ। ਹੁਣ ਇਸ ਸੈਂਟਰ ਦੇ ਜੰਮਪਲ ਐਨ ਆਈ ਐੱਸ ਕੁਆਲੀਫਾਈਡ ਕੋਚ ਰਵੀ ਕੁਮਾਰ ਨੂੰ 1 ਦਸੰਬਰ ਤੋਂ 6 ਦਸੰਬਰ ਤੱਕ ਬੈਰੁਤ ( ਲੈਬਨਾਨ) ਵਿਖੇ ਏਸ਼ੀਅਨ ਜੂਨੀਅਰ ਜੂਡੋ ਚੈਂਪੀਅਨਸ਼ਿਪ ਲਈ ਭਾਰਤੀ ਜੂਡੋ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਭਾਰਤੀ ਜੂਡੋ ਫੈਡਰੇਸ਼ਨ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਦੇ ਜਰਨਲ ਸਕੱਤਰ ਦੇਵ ਸਿੰਘ ਧਾਲੀਵਾਲ ਨੇ ਗੁਰਦਾਸਪੁਰ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਸਭ ਤੋਂ ਛੋਟੀ ਉਮਰ ਦੇ ਕੋਚ ਨੂੰ ਇਹ ਮੌਕਾ ਦਿੱਤਾ ਹੈ। ਗੁਰਦਾਸਪੁਰ ਜੂਡੋ ਸੈਂਟਰ ਦੇ ਬਾਨੀ ਕੋਚ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ 1989 ਦੀ ਪੈਦਾਇਸ਼ ਰਵੀ ਕੁਮਾਰ ਨੇ 1997 ਵਿਚ ਜੂਡੋ ਖੇਡਣੀ ਸ਼ੁਰੂ ਕੀਤੀ ਅਤੇ 12 ਸਾਲਾਂ ਵਿਚ ਰਾਸ਼ਟਰੀ ਪੱਧਰ ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ ਅਤੇ ਐਨ ਆਈ ਐੱਸ ਪਟਿਆਲਾ ਤੋਂ ਖਿਡਾਰੀਆਂ ਨੂੰ ਜੂਡੋ ਦੀ ਕੋਚਿੰਗ ਦਾ ਡਿਪਲੋਮਾ ਪਾਸ ਕਰਕੇ ਖੇਡ ਵਿਭਾਗ ਪੰਜਾਬ ਵਿੱਚ ਨੌਕਰੀ ਦਾ ਸਫ਼ਰ ਸ਼ੁਰੂ ਕੀਤਾ। ਲੈਬਨਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿਖੇ ਨੰਨੇ ਮੁੰਨੇ ਜੂਡੋ ਖਿਡਾਰੀਆਂ ਨੇ ਚਾਂਈ ਚਾਂਈ ਆਪਣੇ ਕੋਚ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਭਾਰਤੀ ਜੂਡੋ ਟੀਮ ਦਾ ਕੋਚ ਬਣਨ ਨਾਲ ਜੂਡੋ ਸੈਂਟਰ ਦੇ ਖਿਡਾਰੀਆਂ ਲਈ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਵਲੋਂ ਅਪਣਾਈਆਂ ਜਾਂਦੀਆਂ ਵਿਸ਼ੇਸ਼ ਵੰਨਗੀਆਂ ਦੀ ਜਾਣਕਾਰੀ ਦਾ ਲਾਭ ਮਿਲੇਗਾ। ਉਨ੍ਹਾਂ ਭਾਰਤੀ ਜੂਡੋ ਫੈਡਰੇਸ਼ਨ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਦੇਵ ਸਿੰਘ ਧਾਲੀਵਾਲ ਅਤੇ ਹੋਰ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਭਾਰਤੀ ਜੂਡੋ ਟੀਮ ਮੈਡਲ ਜਿੱਤਕੇ ਦੇਸ਼ ਦਾ ਝੰਡਾ ਬੁਲੰਦ ਕਰੇਗੀ।