ਟਾਂਡਾ / ਦਸੂਹਾ (ਚੌਧਰੀ) : ਥਾਣਾ ਟਾਂਡਾ ਪੁਲਿਸ ਨੇ ਵਿਆਹੁਤਾ ਨੂੰ ਦਾਜ ਲਈ ਕੁੱਟਮਾਰ ਕਰਕੇ ਜਾਨੋਂ ਮਾਰਨ ਵਾਲੇ ਪਤੀ, ਦੇਵਰ ਤੇ ਸੱਸ ਸਮੇਤ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਤੀ ਜਗਮੀਤ ਸਿੰਘ, ਸੱਸ ਸੁਰਜੀਤ ਕੌਰ ਵਾਸੀ ਟਾਹਲੀ, ਦੇਵਰ ਰਣਜੀਤ ਸਿੰਘ ਰਾਜਾ ਹਾਲ ਵਾਸੀ ਅਮਰੀਕਾ ਤੇ ਨਿਸ਼ਾਨ ਉਰਫ ਰਿੰਕੂ ਵਾਸੀ ਵੱਡੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮਿ੍ਤਕ ਦੇ ਪਿਤਾ ਜਸਵੰਤ ਸਿੰਘ ਪੁੱਤਰ ਸ਼ੰਕਰ ਸਿੰਘ ਵਾਸੀ ਬਹਾਦਰ ਥਾਣਾ ਪੁਰਾਣਾ ਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਹਰਜਿੰਦਰ ਕੌਰ ਦਾ ਵਿਆਹ 6 ਸਾਲ ਪਹਿਲਾਂ ਜਗਮੀਤ ਸਿੰਘ ਨਾਲ ਹੋਇਆ ਸੀ ਅਤੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ । ਪਰ ਵਿਆਹ ਤੋਂ ਬਾਅਦ ਪਤੀ ਤੇ ਸਹੁਰਾ ਪਰਿਵਾਰ ਹਰਜਿੰਦਰ ਨੂੰ ਹੋਰ ਦਹੇਜ ਤੇ ਹੋਰ ਪੈਸਿਆਂ ਦੀ ਮੰਗ ਨੂੰ ਲੈ ਕੇ ਤੰਗ ਪੇ੍ਸ਼ਾਨ ਤੇ ਕੁੱਟਮਾਰ ਕਰਦਾ ਰਿਹਾ। ਸ਼ਨੀਵਾਰ ਸਵੇਰੇ ਵਕਤ ਕਰੀਬ ਸਾਢੇ 6 ਵਜੇ ਹਰਜਿੰਦਰ ਕੌਰ ਦਾ ਫੋਨ ਆਇਆ ਕਿ ਪਤੀ ਜਗਮੀਤ ਤੇ ਉਸਦੇ ਮਾਮੇ ਦੇ ਪੁੱਤਰ ਨਿਸ਼ਾਨ ਉਰਫ ਰਿੰਕੂ ਨੇ ਬਹੁਤ ਕੁੱਟਮਾਰ ਕੀਤੀ ਹੈ,ਤੁਸੀਂ ਮੈਨੂੰ ਇੱਥੋਂ ਲੈ ਜਾਉ ਨਹੀਂ ਇਹ ਮੈਨੂੰ ਮਾਰ ਦੇਣਗੇ । ਕੁੱਝ ਦੇਰ ਬਾਅਦ ਹਰਜਿੰਦਰ ਦੇ ਸਹੁਰਾ ਪਿੰਡ ਤੋਂ ਫੋਨ ਆਇਆ ਕਿ ਹਰਜਿੰਦਰ ਨੂੰ ਸਹੁਰਾ ਪਰਿਵਾਰ ਨੇ ਜਾਨੋ ਮਾਰ ਦਿੱਤਾ ਹੈ। ਟਾਂਡਾ ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪਤੀ, ਦੇਵਰ, ਸੱਸ ਤੇ ਪਤੀ ਦੇ ਮਾਮੇ ਦੇ ਪੁੱਤਰ ਖ਼ਲਿਾਫ਼ ਮਾਮਲਾ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ । ਮ੍ਰਿਤਕ ਆਪਣੇ ਪਿੱਛੇ ਇੱਕ ਸਾਲ ਤੇ ਪੰਜ ਸਾਲ ਦੇ ਦੋ ਲੜਕੇ ਛੱਡ ਗਈ।
ਪੁਲਿਸ ਵਲੋਂ ਕਾਰਵਾਈ ਨਾ ਹੁੰਦੀ ਵੇਖ ਮਿ੍ਤਕ ਦੇ ਪਰਿਵਾਰ ਨੇ ਕੀਤਾ ਨੈਸ਼ਨਲ ਹਾਈਵੇ ਜਾਮ
ਹਰਜਿੰਦਰ ਕੌਰ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਸਮੇਤ ਥਾਣਾ ਟਾਂਡਾ ਪਹੁੰਚੇ ਤਾਂ ਟਾਂਡਾ ਪੁਲਿਸ ਵਲੋਂ ਕਾਰਵਾਈ ਨਾ ਹੁੰਦੀ ਵੇਖ ਗੁੱਸੇ ‘ਚ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ, ਇਸ ਮੌਕੇ ਮਿ੍ਤਕ ਦੇ ਭਰਾ ਸੁਖਜਿੰਦਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਜਦੋਂ ਉਹ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਸਮੇਤ ਹਰਜਿੰਦਰ ਕੌਰ ਦੇ ਸਹੁਰਾ ਪਿੰਡ ਟਾਹਲੀ ਪਹੁੰਚੇ ਤਾਂ ਪਰਿਵਾਰਾਂ ‘ਚ ਹਰਜਿੰਦਰ ਦੀ ਮੌਤ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੋ ਗਈ ,ਉਸ ਸਮੇਂ ਪਤੀ ਜਗਮੀਤ ਦੇ ਮਾਮੇ ਦੇ ਲੜਕੇ ਨਿਸ਼ਾਨ ਉਰਫ ਰਿੰਕੂ ਨੇ ਕਿਹਾ ਕਿ ਅਸੀਂ ਹਰਜਿੰਦਰ ਨੂੰ ਮਾਰ ਦਿੱਤਾ ਤੁਸੀਂ ਜੋ ਕਰ ਸਕਦੇ ਹੋ ਕਰ ਲੳ ਤਾਂ ਮੌਕੇ ਤੇ ਮੌਜੂਦ ਪੁਲਿਸ ਨੇ ਸਾਡੇ ਕਹਿਣ ਤੇ ਉਕਤ ਨੂੰ ਕਾਬੂ ਨਹੀਂ ਕੀਤਾ ਤੇ ਉਹ ਦੌੜ ਗਿਆ। ਨੈਸ਼ਨਲ ਹਾਈਵੇ ਜਾਮ ਹੋਣ ਤੋਂ ਬਾਅਦ ਐੱਸਐੱਚਓ ਟਾਂਡਾ ਬਿਕਰਮ ਸਿੰਘ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਖ਼ਲਿਾਫ਼ ਮਾਮਲਾ ਹੁਣੇ ਦਰਜ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਟਰੈਫਿਕ ਜਾਮ ਖੋਲ ਦਿੱਤਾ ਗਿਆ।