– ਡਿਪਟੀ ਕਮਿਸ਼ਨਰ ਨੇ ਵੀਡੀਓ ਕਾਨਫਰੰਸਿੰਗ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ, ਐਸ.ਡੀ.ਐਮਜ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
– ਕਿਹਾ, ਸਿਹਤ ਵਿਭਾਗ ਅਤੇ ਪੁਲਿਸ ਆਪਸੀ ਤਾਲਮੇਲ ਨਾਲ ਨਾਕਿਆ ‘ਤੇ ਕਰਨ ਡਿਊਟੀ
– 4 ਅਤੇ 5 ਦਸੰਬਰ ਨੂੰ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਲਗਾਏ ਜਾਣਗੇ
ਕੋਵਿਡ-19 ਦੀ ਰੋਕਥਾਮ ਸਬੰਧੀ ਮੈਗਾ ਟੀਕਾਕਰਨ ਕੈਂਪ
– ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ
ਹੁਸ਼ਿਆਰਪੁਰ, 02 ਦਸੰਬਰ(ਬਿਊਰੋ) :ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੇ ਮਾਮਲੇ ਸਾਹਮਣੇ ਆਣਾ ਚਿੰਤਾ ਦਾ ਵਿਸ਼ਾ ਹੈ , ਇਸ ਲਈ ਕੋਵਿਡ-19 ਨਾਲ ਸਬੰਧਤ ਸਾਵਧਾਨੀਆਂ ਨੂੰ ਹੋਰ ਗੰਭੀਰਤਾ ਨਾਲ ਅਪਣਾਉਣ ਦੀ ਲੋੜ ਹੈ। ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕਾਰਵਾਈ ਕਰਕੇ ਕੋਵਿਡ-19 ਦੀ ਰੋਕਥਾਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਹ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੁਲਿਸ, ਐਸ.ਡੀ.ਐਮਜ਼ ਅਤੇ ਸਿਹਤ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਬਾਰਡਰ ਨਾਲ ਲੱਗਦੇ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿੱਚ ਕੋਵਿਡ-19 ਦੇ ਕੁਝ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ, ਅਜਿਹੇ ਵਿੱਚ ਜਿੱਥੇ ਜ਼ਿਲ੍ਹੇ ਵਿੱਚ ਟੈਸਟਿੰਗ ਵਧਾ ਦਿੱਤੀ ਗਈ ਹੈ, ਉੱਥੇ ਹੀ ਹੁਣ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿੱਚ ਨਾਕੇ ਲਗਾ ਕੇ ਟੈਸਟਿੰਗ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਹਦਾਇਤ ਕੀਤੀ ਕਿ ਉਹ ਹਿਮਾਚਲ ਬਾਰਡਰ ਨਾਲ ਲਗਦੇ ਸਾਰੇ ਪੁਆਇੰਟਾਂ ‘ਤੇ ਪੁਲਿਸ ਫੋਰਸ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਤਾਂ ਜੋ ਸਿਹਤ ਟੀਮਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਸਾਰੇ ਲੋਕਾਂ ਦਾ ਕੋਵਿਡ-19 ਟੈਸਟ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਹਿਮਾਚਲ ਸਰਹੱਦ ਨਾਲ ਲੱਗਦੇ ਨਾਕਿਆ ‘ਤੇ ਟੈਸਟਿੰਗਟੀਮਾਂ ਭੇਜਣ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਪੁਆਇੰਟਾਂ ‘ਤੇ ਰੋਜ਼ਾਨਾ ਚੈਕਿੰਗ ਕਰਕੇ ਸਥਿਤੀ ਦਾ ਜਾਇਜ਼ਾ ਲੈਣ। ਉਨ੍ਹਾਂ ਸਮੂਹ ਡੀ.ਐਸ.ਪੀਜ਼ ਅਤੇ ਐਸ.ਐਮ.ਓਜ਼ ਨੂੰ ਇਕਜੁੱਟਤਾ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਟੈਸਟਿੰਗ ਵਧਾਉਣ ਦੇ ਨਾਲ-ਨਾਲ ਕੋਵਿਡ ਦੀ ਰੋਕਥਾਮ ਸਬੰਧੀ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ, ਇਸ ਮਕਸਦ ਲਈ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ 4 ਅਤੇ 5 ਦਸੰਬਰ ਨੂੰ ਮੈਗਾ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਐਸ.ਡੀ.ਐਮਜ਼, ਨਗਰ ਨਿਗਮ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਤੋਂ ਵਾਂਝੇ ਵਾਰਡਾਂ ਦੀ ਸ਼ਨਾਖਤ ਕਰਕੇ ਸੂਚੀ ਬਣਾ ਕੇ ਟੀਕਾਕਰਨ ਕੈਂਪਾਂ ਸਬੰਧੀ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਵਿਡ-19 ਦੇ ਪਾਜੀਟਿਵ ਕੇਸ ਸਾਹਮਣੇ ਆਉਣ ‘ਤੇ ਕਾਂਟੇਕਟ ਟਰੇਸਿੰਗ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਅਪਨੀਤ ਰਿਆਤ ਨੇ ਸਬੰਧਤ ਰਿਟਰਨਿੰਗ ਅਫਸਰਾਂ ਅਤੇ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਵਿਡ-19 ਦੀ ਰੋਕਥਾਮ ਲਈ ਇੱਕ-ਦੂਜੇ ਨਾਲ ਤਾਲਮੇਲ ਕਰਕੇ ਪੋਲਿੰਗ ਬੂਥਾਂ ਦੀ ਮੈਪਿੰਗ ਇੱਕ ਹਫ਼ਤੇ ਵਿੱਚ ਯਕੀਨੀ ਬਣਾਉਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਬਹੁਤ ਲੋੜ ਹੈ, ਇਸ ਲਈ ਹਰੇਕ ਵਿਅਕਤੀ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਅਪਣਾ ਕੇ ਅਤੇ ਟੀਕਾਕਰਨ ਕਰਵਾ ਕੇ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਕੋਵਿਡ-19 ਦੀ ਰੋਕਥਾਮ ਸਬੰਧੀ ਅਜੇ ਤੱਕ ਟੀਕਾਕਰਨ ਨਹੀਂ ਕਰਵਾਇਆ ਹੈ, ਉਹ ਟੀਕਾਕਰਨ ਜ਼ਰੂਰ ਕਰਵਾਉਣ।