UPDATED .. ਐਨ.ਆਰ.ਆਈ ਔਰਤ ਪਾਸੋਂ ਨੌਸਰਬਾਜਾਂ ਨੇ ਨਾਟਕੀ ਢੰਗ ਨਾਲ ਲੁੱਟੇ ਲੱਖਾਂ ਦੇ ਗਹਿਣੇ
ਟਾਂਡਾ ਉੜਮੁੜ / ਦਸੂਹਾ , 20 ਨਵੰਬਰ (ਚੌਧਰੀ ) : ਸ਼ਨੀਵਾਰ ਦੁਪਹਿਰ ਸ਼੍ਰੀ ਹਰਗੋਬਿੰਦਪੁਰ ਮੁੱਖ ਸੜਕ ਤੇ ਪੈਂਦੇ ਪਲਟਾ ਪੈਟਰੋਲ ਪੰਪ ਨਜ਼ਦੀਕ ਐਨ.ਆਰ.ਆਈ ਔਰਤ ਪਾਸੋਂ ਨੌਸਰਬਾਜ਼ 3 ਵਿਅਕਤੀਆਂ ਅਤੇ ਇੱਕ ਮਹਿਲਾ ਨੇ ਨਾਟਕੀ ਢੰਗ ਨਾਲ ਸੋਨੇ ਦੇ ਕਰੀਬ 10 ਤੋਲੇ ਗਹਿਣੇ ਲੁੱਟ ਲਏ। ਜਾਣਕਾਰੀ ਦਿੰਦੇ ਹੋਏ ਪਰਮਜੀਤ ਕੌਰ ਪਤਨੀ ਸਤਵੀਰ ਸਿੰਘ ਵਾਸੀ ਸੈਂਤਪੁਰ ਨਡਾਲਾ ਨੇ ਦੱਸਿਆ ਕਿ ਉਹ ਇਟਲੀ ਵਿੱਚ ਰਹਿੰਦੀ ਹੈ ਅਤੇ ਮਾਇਕੇ ਪਰਿਵਾਰ ਮਿਆਣੀ ਆਈ ਹੋਈ ਸੀ ਅਤੇ ਅੱਜ ਉਹ ਟਾਂਡਾ ਤੋਂ ਖਰੀਦਦਾਰੀ ਕਰ ਆਪਣੀ ਸਕੂਟੀ ਪੀਬੀ-09-ਕਿਊ-4327 ਤੇ ਵਾਪਸ ਮਿਆਣੀ ਜਾ ਰਹੀ ਸੀ ਕਿ ਜਦੋਂ ਉਹ ਸਿਨੇਮਾ ਚੌਂਕ ਨਜ਼ਦੀਕ ਪਹੁੰਚੀ ਤਾਂ ਉਸਨੂੰ ਇੱਕ ਵਿਅਕਤੀ ਨੇ ਹੱਥ ਦੇ ਕੇ ਕਿਸੇ ਐਡਰੇਸ ਬਾਰੇ ਪੁੱਛਿਆ ਤਾਂ ਮੈਂ ਉਸਨੂੰ ਕਿਹਾ ਕਿ ਮੈਂ ਇੱਥੇ ਦੀ ਰਹਿਣ ਵਾਲੀ ਨਹੀਂ ਹਾਂ ਅਤੇ ਇੰਨਾ ਕਹਿ ਕੇ ਮੈਂ ਉਥੋਂ ਚੱਲ ਪਈ| ਥੋੜਾ ਅੱਗੇ ਆ ਕੇ ਪਲਟਾ ਪੈਟਰੋਲ ਪੰਪ ਦੇ ਸਾਹਮਣੇ ਇੱਕ ਔਰਤ ਅਤੇ ਇੱਕ ਵਿਅਕਤੀ ਨੇ ਮੈਨੂੰ ਰੋਕਿਆ ਅਤੇ ਕਿਹਾ ਕਿ ਪਿੱਛੇ ਉਹ ਬਾਬਾ ਤਹਾਨੂੰ ਕੀ ਪੁਛ ਰਿਹਾ ਸੀ ਅਤੇ ਉਸੇ ਸਮੇਂ ਉਹ ਬਾਬਾ ਵੀ ਮੇਰੇ ਕੋਲ ਆ ਗਿਆ। ਫਿਰ ਉਨਾਂ ਨੇ ਮੈਨੂੰ ਆਪਣੀ ਗੱਲਾਂ ਵਿੱਚ ਲੈ ਕੇ ਮੇਰੇ ਪਹਿਨੇ ਹੋਏ 5 ਤੋਲੇ ਸੋਨੇ ਦੇ ਗਜਰੇ, ਢੇਡ ਤੋਲੇ ਸੋਨੇ ਦੀਆਂ 2 ਅੰਗੂਠੀਆਂ,2 ਤੋਲੇ ਸੋਨੇ ਦੇ ਕਾਂਟੇ ਅਤੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਲਾਕੇਟ ਸਮੇਤ ਸਾਰੇ ਗਹਿਣੇ ਇੱਕ ਰੁਮਾਲ ਵਿੱਚ ਬੰਨਣ ਨੂੰ ਕਿਹਾ ਅਤੇ ਜਦੋਂ ਮੈਂ ਇਹ ਸਾਰੇ ਗਹਿਣੇ ਬੰਨ੍ਹ ਦਿੱਤੇ ਤਾਂ ਉਨਾਂ ਨੇ ਹੁਸ਼ਿਆਰੀ ਨਾਲ ਰੁਮਾਲ ਬਦਲ ਦਿੱਤਾ ਅਤੇ ਉੱਥੇ ਇੱਕ ਮੋਟਰਸਾਇਕਲ ਸਵਾਰ ਹੋਰ ਆਇਆ ਅਤੇ ਚਾਰੇ ਜਾਣੇ ਉੱਥੋਂ 2 ਮੋਟਰਸਾਇਕਲਾਂ ਤੇ ਸਵਾਰ ਹੋ ਕੇ ਫਰਾਰ ਹੋ ਗਏ| ਇਸ ਸੰਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ|