ਵਿਰਸੇ ਤੇ ਇਤਿਹਾਸ ਨਾਲ ਜੋੜਨ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਨਿਵੇਕਲਾ ਉਪਰਾਲਾ
ਅੱਜ ਬਟਾਲਾ ਤੋਂ ਰਵਾਨਾਂ ਹੋਈ 20ਵੀਂ ਮੁਫ਼ਤ ਬੱਸ ਯਾਤਰਾ
ਯਾਤਰੂਆਂ ਨੇ ਯਾਤਰਾ ਨੂੰ ਅਨੰਦਦਾਇਕ ਅਤੇ ਜਾਣਕਾਰੀ ਭਰਪੂਰ ਦੱਸਿਆ
ਬਟਾਲਾ, 28 ਨਵੰਬਰ ( ਸੁਨੀਲ ਚੰਗਾ / ਅਵਿਨਾਸ਼ ਸ਼ਰਮਾ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇੱਕ ਰੋਜ਼ਾ ਮੁਫ਼ਤ ਬੱਸ ਯਾਤਰਾ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਹੈਰੀਟਜ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਬਟਾਲਾ ਤੋਂ 20ਵੀਂ ਮੁਫ਼ਤ ਬੱਸ ਯਾਤਰਾ ਰਵਾਨਾ ਕੀਤੀ ਗਈ। ਅੱਜ ਦੀ ਯਾਤਰਾ ਵਿੱਚ ਬਟਾਲਾ ਸ਼ਹਿਰ ਦੇ ਵਸਨੀਕਾਂ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਸੁਸਾਇਟੀ ਦੇ ਮੈਂਬਰਾਂ ਨੇ ਭਾਗ ਲਿਆ।
ਬਟਾਲਾ ਸਰਕਟ ਤਹਿਤ ਇਸ ਯਾਤਰਾ ਰਾਹੀਂ ਯਾਤਰੂਆਂ ਨੇ ਸਭ ਤੋਂ ਪਹਿਲਾਂ ਗੜੀ ਗੁਰਦਾਸ ਨੰਗਲ ਦੇ ਦਰਸ਼ਨ ਕੀਤੇ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਦੇ ਘੇਰੇ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਯਾਤਰਾ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਅਤੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਨ ਛੰਭ ਵਿਖੇ ਪਹੁੰਚੀ। ਇਥੇ ਯਾਤਰੂਆਂ ਨੂੰ ਛੋਟੇ ਘੱਲੂਘਾਰੇ ਦੀ ਜਾਣਕਾਰੀ ਦੇਣ ਲਈ ਇੱਕ ਇਤਿਹਾਸਕ ਦਸਤਾਵੇਜੀ ਫਿਲਮ ਦਿਖਾਈ ਗਈ। ਯਾਤਰਾ ਦਾ ਅਗਲਾ ਪੜਾਅ ਸ੍ਰੀ ਹਰਗੋਬਿੰਦਪੁਰ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਣਵਾਈ ਗੁਰੂ ਕੀ ਮਸੀਤ ਦੇ ਦਰਸ਼ਨ ਕੀਤੇ। ਇਥੇ ਹੀ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਲਾਹੌਰੀ ਦਰਵਾਜ਼ੇ ਦੇ ਦਰਸ਼ਨ ਵੀ ਕੀਤੇ। ਯਾਤਰੂਆਂ ਨੇ ਯਾਤਰਾ ਦੌਰਾਨ ਪਿੰਡ ਕਿਸ਼ਨਕੋਟ ਵਿਖੇ ਰਾਧਾ ਕਿ੍ਰਸ਼ਨ ਮੰਦਰ, ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ, ਮਸਾਣੀਆਂ ਵਿਖੇ ਹਜ਼ਰਤ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਵੀ ਕੀਤੇ। ਯਾਤਰਾ ਦੌਰਾਨ ਯਾਤਰੂਆਂ ਨੂੰ ਸਾਰੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੀ ਜਾਣਕਾਰੀ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਅਤੇ ਨਾਲ ਹੀ ਛੋਟਾ ਘੱਲੂਘਾਰਾ ਦੇ ਇਤਿਹਾਸ ਬਾਰੇ ਕਿਤਾਬਚਾ ਵੀ ਵੰਡਿਆ ਗਿਆ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਇਤਿਹਾਸਕ ਮਹੱਤਤਾ ਦੇ ਸਥਾਨ ਹਨ ਜਿਨਾਂ ਨੂੰ ਜਰੂਰ ਦੇਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਜ ਬਟਾਲਾ ਸਰਕਟ ਤਹਿਤ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਜਰੀਏ ਬਹੁਤ ਕੁਝ ਨਵਾਂ ਜਾਨਣ ਤੇ ਸਿੱਖਣ ਨੂੰ ਮਿਲਿਆ ਹੈ। ਹਰਦੀਪ ਕੌਰ ਅਤੇ ਸੁਮਨਦੀਪ ਕੌਰ ਨੇ ਕਿਹਾ ਕਿ ਛੋਟਾ ਘੱਲੂਘਾਰਾ ਸਮਾਰਕ ਉਨ੍ਹਾਂ ਪਹਿਲੀ ਵਾਰ ਦੇਖੀ ਹੈ ਅਤੇ ਓਥੇ ਇਤਿਹਾਸ ਦੀ ਦਸਤਾਵੇਜ਼ੀ ਫਿਲਮ ਦੇਖ ਕੇ ਇਥੋਂ ਦੇ ਇਤਿਹਾਸ ਨੂੰ ਜਾਣਿਆ ਹੈ। ਅਨੁਰੀਤ ਸਿੰਘ ਅਤੇ ਜੈਤੇਗ ਸਿੰਘ ਨੇ ਕਿਹਾ ਸਾਰੇ ਹੀ ਯਾਤਰੂਆਂ ਨੇ ਇਸ ਯਾਤਰਾ ਦਾ ਭਰਪੂਰ ਅਨੰਦ ਮਾਣਿਆ ਹੈ ਅਤੇ ਸਾਨੂੰ ਇਸ ਇਤਿਹਾਸਕ ਟੂਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸਾਰੇ ਹੀ ਯਾਤਰੂਆਂ ਨੇ ਇਸ ਵਧੀਆ ਉਪਰਾਲੇ ਲਈ ਜ਼ਿਲਾ ਪ੍ਰਸ਼ਾਸਨ ਅਤੇ ਖਾਸ ਕਰਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਧੰਨਵਾਦ ਕੀਤਾ ਹੈ।