ਗੜਸ਼ੰਕਰ ,14 ਦਸੰਬਰ (ਅਸ਼ਵਨੀ ਸ਼ਰਮਾ): ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਤੇ ਕੱਚੇ ਅਧਿਆਪਕਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਦਿੱਤੇ ਤਹਿਸੀਲ ਪੱਧਰੀ ਐਕਸ਼ਨਾਂ ਦੇ ਸੱਦੇ ਤਹਿਤ .ਬਲਾਕ ਗੜਸ਼ੰਕਰ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਕੇ ਸਖ਼ਤ ਰੋਸ ਜ਼ਾਹਰ ਕੀਤਾ ਗਿਆ ਅਤੇ ਮਾਨਸਾ ਵਿਖੇ ਬੇਰੁਜ਼ਗਾਰਾਂ ਉੱਪਰ ਹੋਏ ਪੁੁਲਸੀਆ ਤਸ਼ੱਦਦ ਨੂੰ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀ ਸ਼ਰਮਨਾਕ ਘਟਨਾ ਕਰਾਰ ਦਿੱਤਾ ਗਿਆ। ਮੋਰਚੇ ਨੇ ਕੱਚੇ ਮੁਲਾਜ਼ਮ ਪੱਕੇ ਕਰਨ, ਬੇਰੁਜ਼ਗਾਰਾਂ ਨੂੰ ਪੱਕਾ ਸਰਕਾਰੀ ਰੁਜ਼ਗਾਰ ਦੇਣ, ਨਵੀਆਂ ਭਰਤੀਆਂ ਮੁਕੰਮਲ ਕਰਨ ਅਤੇ ਮਾਨਸਾ ਲਾਠੀਚਾਰਜ਼ ਲਈ ਜ਼ਿੰਮੇਵਾਰ ਡੀ ਐੱਸ ਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ ਵੀ ਕੀਤੀ।ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਮੁਕੇਸ਼ ਕੁਮਾਰ, ਹੰਸ ਰਾਜ ਗੜਸ਼ੰਕਰ, ਸ਼ਾਮ ਸ਼ੁੰਦਰ, ਸੋਹਣ ਸਿੰਘ ਟੋਨੀ, ਰਾਮ ਜੀ ਦਾਸ ਚੌਹਾਨ, ਮੱਖਣ ਸਿੰਘ ਵਾਹਦਪੁਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੌਂਸਮਈ ਨਕਸ਼ੇ ਕਦਮਾਂ ਉਪਰ ਹੀ ਚੱਲ ਰਹੀ ਹੈ। ਜਿਸ ਦਾ ਪ੍ਰਗਟਾਵਾ ਮੌਜੂਦਾ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਲੋਕਾਂ ਬਾਰੇ ਵੱਖ-ਵੱਖ ਸਟੇਜਾਂ ਤੋਂ ਕੀਤੀਆਂ ਗ਼ੈਰ ਜ਼ਿੰਮੇਵਾਰਾਨਾ ਟਿੱਪਣੀਆਂ ਕਰਨ, ਸੰਘਰਸ਼ੀ ਲੋਕਾਂ ਉੱਪਰ ਪੁਲੀਸ ਕੇਸ ਦਰਜ ਕਰਨ ਅਤੇ ਡੀ.ਜੇ. ਚਲਾ ਕੇ ਲੋਕਾਂ ਦੀ ਆਵਾਜ਼ ਦਬਾਉਣ ਵਰਗੇ ਗ਼ੈਰਵਾਜਬ ਫ਼ੈਸਲਿਆਂ ਤੋਂ ਸਾਫ ਜ਼ਾਹਰ ਹੁੰਦਾ ਹੈ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮ ਸਮੇਤ ਸਿੱਖਿਆ ਪ੍ਰੋਵਾਈਡਰ, ਵਲੰਟੀਅਰ ਅਧਿਆਪਕ, ਆਈ.ਈ.ਵੀ, ਮੈਰੀਟੋਰੀਅਸ ਤੇ ਆਦਰਸ਼ ਸਕੂਲ ਸਟਾਫ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਾ ਹੋਸਟਲਾਂ ਦਾ ਸਟਾਫ ਅਤੇ ਨਾਨ ਟੀਚਿੰਗ ਕਰਮਚਾਰੀ ਬਿਨਾਂ ਸ਼ਰਤ ਵਿਭਾਗਾਂ ਵਿੱਚ ਪੱਕੇ ਕੀਤੇ ਜਾਣ, ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਬੇਰੁਜ਼ਗਾਰਾਂ ਲਈ ਪੱਕੇ ਸਰਕਾਰੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਸਿੱਖਿਆ ਵਿਭਾਗ ਵਿਚ ਸ਼ੁਰੂ ਕੀਤੀਆਂ ਨਵੀਂ ਭਰਤੀਆਂ (ਪ੍ਰੀ ਪ੍ਰਾਇਮਰੀ 8393, ਪ੍ਰਾਇਮਰੀ ਦੀਆਂ 2364, 6635 ਆਦਿ) ਫੌਰੀ ਪੂਰੀਆਂ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਸੈਕੰਡਰੀ ਵਿੱਚ ਸਾਰੇ ਵਿਸ਼ਿਆਂ ਦੀਆਂ ਬਣਦੀਆਂ ਸਾਰੀਆਂ ਖਾਲੀ ਅਸਾਮੀਆਂ ਅਨੁਸਾਰ ਨਵੀਂ ਭਰਤੀ ਦੇ ਇਸ਼ਤਿਹਾਰ ਜਾਰੀ ਕੀਤੇ ਜਾਣ। ਇਸ ਸਮੇਂ ਮੈਡਮ ਸਤਬੀਰ ਕੌਰ, ਬਬੀਤਾ ਸਲਵਾਨ, ਕਵਿਤਾ ਅਗਵਾਨੀ, ਮਨਜੀਤ ਸਿੰਘ ਬੰਗਾ, ਨਰੇਸ਼ ਕੁਮਾਰ, ਮਨਜੀਤ ਸਿੰਘ ਗੜਸ਼ੰਕਰ, ਗੁਰਮੇਲ ਸਿੰਘ ,ਸਤਨਾਮ ਸਿੰਘ, ਮਨਜੀਤ ਸਿੰਘ, ਪਵਨ ਗੋਇਲ, ਰਾਜ ਕੁਮਾਰ,ਮੁਲਾਜਮ ਆਗੂ ਪ੍ਰਵੀਨ ਕੁਮਾਰ ਲੈਕ.ਸਰੂਪ ਚੰਦ ਬਲਵੰਤ ਰਾਮ, ਸ਼ਿੰਗਾਰਾ ਰਾਮ ਭੱਜਲ, ਗੁਰਨਾਮ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਸਹੂੰਗੜਾ, ਪਰਮਿੰਦਰ ਪੱਖੋਵਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ
ਮੁੱਖ ਮੰਤਰੀ ਦੀ ਮਾਨਸਾ ਫੇਰੀ ਮੌਕੇ ਅੰਨ੍ਹੇਵਾਹ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ
- Post published:December 14, 2021