ਗੜ੍ਹਦੀਵਾਲਾ 3 ਜਨਵਰੀ (ਚੌਧਰੀ) : ਅੱਜ ਹਲਕਾ ਉੜਮੁੜ ਟਾਂਡਾ ਦੇ ਪਿੰਡ ਨੰਗਲ ਦਾਤਾ ਵਿਖੇ ਉੱਘੇ ਸਮਾਜ ਸੇਵੀ, ਗਰੀਬਾਂ ਦੇ ਮਸੀਹਾ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਦੇ ਹੱਕ ਵਿੱਚ ਸੰਦੀਪ ਸਿੰਘ ਗੋਲਡੀ ਦੀ ਅਗਵਾਈ ਵਿੱਚ ਭਰਵੀਂ ਮੀਟਿੰਗ ਹੋਈ। ਜਿਸ ਵਿੱਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਜਿੰਨਾ ਨੁਕਸਾਨ ਪੰਜਾਬ ਦਾ ਕਾਂਗਰਸ ਤੇ ਬਾਦਲ ਦਲ ਨੇ ਕੀਤਾ ਓਨਾ ਨੁਕਸਾਨ ਮੁਗਲਾਂ ਨੇ ਵੀ ਨਹੀਂ ਕੀਤਾ। ਜਿਸ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਸ ਪੰਜਾਬ ਨੂੰ ਇਹਨਾਂ ਦੋਹਾਂ ਰਵਾਇਤੀ ਪਾਰਟੀਆਂ ਨੇ ਮਿੱਟੀ ਦੀ ਚਿੜੀ ਬਣਾ ਕੇ ਰੱਖ ਦਿੱਤਾ। ਉਹਨਾਂ ਕਿਹਾ ਕਿ ਹਲਕਾ ਉੜਮੁੜ ਟਾਂਡਾ ਵਿੱਚ ਲੰਮੇ ਸਮੇਂ ਤੋਂ ਦੋ ਪਾਰਟੀਆਂ ਦੇ ਬਣਦੇ ਆ ਰਹੇ ਐਮ ਐਲ ਏ ਅੱਜ ਤੱਕ ਹਲਕਾ ਉੜਮੁੜ ਟਾਂਡਾ ਵਿੱਚ ਨੌਜਵਾਨਾਂ ਦੇ ਰੁਜ਼ਗਾਰ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕਰ ਸਕੇ ਜਿਸ ਕਾਰਨ ਹਲਕੇ ਦਾ ਨੌਜਵਾਨ ਅੱਜ ਬੇਰੁਜ਼ਗਾਰੀ ਦੇ ਆਲਮ ਵਿੱਚ ਡੁੱਬਦਾ ਜਾ ਰਿਹਾ ਹੈ ਤੇ ਇਹਨਾਂ ਦੀਆਂ ਗ਼ਲਤ ਨੀਤੀਆਂ ਕਰਕੇ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਵਿੱਚ ਫਸਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਰਾਜਨੀਤੀ ਵਿੱਚ ਆਉਣ ਦਾ ਮੁੱਖ ਮਕਸਦ ਹੀ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ, ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੇ ਨਾਲ ਨਾਲ ਗੜ੍ਹਦੀਵਾਲ ਵਿੱਚ ਸਿਹਤ ਸਹੂਲਤਾਂ ਉਪਲੱਬਧ ਕਰਾਉਣ ਲਈ ਸਰਕਾਰੀ ਹਸਪਤਾਲ ਬਣਾਉਣਾ ਹੈ।ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਸੁਖਵਿੰਦਰ ਸਿੰਘ ਮੂਨਕ, ਕੁਲਵਿੰਦਰ ਸਿੰਘ ਸੰਨੀ, ਸੰਦੀਪ ਗੋਲਡੀ, ਗੁਰਨਾਮ ਸਿੰਘ ਨੰਬਰਦਾਰ, ਸੁਖਦੀਪ ਸਿੰਘ, ਗੋਪੀ ਚੰਦ, ਪ੍ਰਵੀਨ ਕੁਮਾਰ, ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।