ਨਟਾਲੀ ਰੰਗ ਮੰਚ ਤੇ ਇਪਟਾ ਗੁਰਦਾਸਪੁਰ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ
ਗਰਦਾਸਪੁਰ 16 ਨਵੰਬਰ ( ਅਸ਼ਵਨੀ ) : ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 106 ਵੇਂ ਸ਼ਹੀਦੀ ਦਿਹਾੜੇ ਤੇ ਨਟਾਲੀ ਰੰਗ ਮੰਚ ਅਤੇ ਇਪਟਾ ਗੁਰਦਾਸਪੁਰ ਵਲੋਂ ਨਾਟਕ ਤੇ ਸਭਿਆਚਾਰਕ ਮੇਲਾ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਕਰਵਾਇਆ ਗਿਆ । ਜਿਸ ਵਿਚ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦਾ ਲਿਖਿਆ ਇਤਿਹਾਸਿਕ ਨਾਟਕ ‘ਬੱਬਰ ਸੂਰਮੇ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਬੜੀ ਸਫ਼ਲਤਾ ਪੂਰਵਕ ਖੇਡਿਆ ਗਿਆ ਜਿਸ ਨੇ ਸ਼ਹੀਦ ਬੱਬਰ ਅਕਾਲੀਆਂ ਦੀ ਸ਼ਹਾਦਤ ਨੂੰ ਮੁੜ ਤਾਜ਼ਾ ਕਰ ਦਿੱਤਾ ਤੇ ਦਰਸ਼ਕਾਂ ਵਿੱਚ ਆਪਣੀ ਗਹਿਰਾਈ ਛਾਪ ਛੱਡ ਗਿਆ। ਦੂਸਰਾ ਨਾਟਕ ਜੋਗਿੰਦਰ ਬਾਹਰਲਾ ਦਾ ਲਿਖਿਆ ਹਾੜੀਆਂ -ਸੌਣੀਆਂ ਕਿਸਾਨੀ ਦੀ ਮੰਦਹਾਲੀ ਹਾਲਤ ਨੂੰ ਬਿਆਨ ਕਰਦਾ ਖੇਡਿਆ ਗਿਆ। ਇਸ ਮੌਕੇ ਤੇ ਮੁੱਖ ਵਕਤਾ ਡਾ. ਗੁਰਇਕਬਾਲ ਸਿੰਘ ਕਾਹਲੋਂ ਅਰਥਸ਼ਾਸਤਰੀ ਤੇ ਖੇਤੀ ਵਿਗਿਆਨੀਆਂ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਜੋ ਆਜ਼ਾਦੀ ਲਹਿਰ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਬੱਬਰ ਅਕਾਲੀ ਲਹਿਰ ਤੇ ਸ਼ਹੀਦ ਭਗਤ ਸਿੰਘ ਹੋਰੀਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀ ਵਾਸਤੇ ਉਠ ਖੜ੍ਹੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਨੇ ਜੋ ਆਜ਼ਾਦੀ ਦਾ ਸੁਪਨਾ ਲਿਆ ਸੀ ਉਹ ਪੂਰਾ ਨਹੀਂ ਹੋਇਆ, ਇਥੇ ਆਪਣਿਆਂ ਹੀ ਦੇਸ਼ ਤੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਅੱਜ ਫਿਰ ਸਾਨੂੰ ਮੁਫ਼ਤ ਸਿੱਖਿਆ, ਸਿਹਤ ਸਹੂਲਤਾਂ, ਹਰੇਕ ਨੂੰ ਉਸ ਦੀ ਯੋਗਤਾ ਮੁਤਾਬਿਕ ਰੋਜ਼ਗਾਰ, ਸਭ ਨੂੰ ਬੁਢਾਪਾ ਪੈਨਸ਼ਨ, ਤੇ ਸੋਸ਼ਲ ਸੁਰੱਖਿਆ ਵਾਸਤੇ ਸੰਘਰਸ਼ ਕਰਨਾ ਪਵੇਗਾ। ਜਦ ਤੱਕ ਇਹ ਇਹ ਸਹੂਲਤਾਂ ਹਰ ਨਾਗਰਿਕ ਨੂੰ ਮਿਲ ਨਹੀਂ ਜਾਂਦੀਆਂ।
ਇਸ ਪ੍ਰੋਗਰਾਮ ਦਾ ਸੰਚਾਲਨ ਗੁਰਮੀਤ ਸਿੰਘ ਬਾਜਵਾ ਸਟੇਟ ਆਵਰਡੀ ਨੇ ਕੀਤਾ। ਨਟਾਲੀ ਰੰਗਮੰਚ ਦੇ ਜਨਰਲ ਸਕੱਤਰ ਰਛਪਾਲ ਸਿੰਘ ਘੁੰਮਣ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਰੌਸ਼ਨੀ ਪਾਈ।
ਨਟਾਲੀ ਰੰਗ ਮੰਚ ਤੇ ਇਪਟਾ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੇ ਇਸ ਸਭਿਆਚਾਰਕ ਪ੍ਰੋਗਰਾਮ ਬਾਰੇ ਕਿਹਾ ਕਿ ਇਸ ਸਮਾਗਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਦੇ ਵਿਛੜ ਰਹੇ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਹੈ ਤੇ ਅੱਗੇ ਤੋਂ ਅਜਿਹੇ ਸਮਾਗਮ ਕਰਵਾਉਣ ਦਾ ਪ੍ਰਣ ਲਿਆ ਅਤੇ ਆਏ ਹੋਏ ਮਹਿਮਾਨਾਂ ਤੇ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਸ਼ਖ਼ਸੀਅਤਾਂ ਤੇ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ ਮੋਹਿਤ ਮਹਾਜਨ, ਰਾਘਵ ਮਹਾਜਨ ਪ੍ਰਿੰਸੀਪਲ, ਲਖਵਿੰਦਰ ਪਾਲ ਸਿੰਘ, ਮਹਿੰਦਰ ਪਾਲ, ਡਾ ਗੁਰਚਰਨ ਗਾਂਧੀ, ਐਸ ਡੀ ਓ ਕੰਵਰਜੀਤ ਰੱਤੜਾ, ਇਪਟਾ ਅੰਮ੍ਰਿਤਸਰ ਦੇ ਸਕੱਤਰ ਸਤਨਾਮ ਸਿੰਘ ਮੂਧਲ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਅਮਰੀਕ ਸਿੰਘ ਮਾਨ, ਜੋਧ ਸਿੰਘ, ਬੂਟਾ ਰਾਮ ਆਜਾਦ, ਜੇ ਪੀ ਖਰਲਾਂ ਵਾਲਾ, ਮੰਗਲਦੀਪ, ਪ੍ਰਿੰਸੀਪਲ ਗੁਰਮੀਤ ਸਿੰਘ, ਮਨਜੀਤ ਸਿੰਘ, ਹੀਰਾ ਸਿੰਘ, ਮਨਦੀਪ ਸਹੋਤਾ, ਨਵਰਾਜ ਸੰਧੂ, ਹਰਭਜਨ ਸਿੰਘ ਮਾਂਗਟ ਤੇ ਪ੍ਰਿੰਸੀਪਲ ਕੁਲਵੰਤ ਸਿੰਘ ਆਦਿ ਹਾਜ਼ਰ ਸਨ।