ਕਪੂਰਥਲਾ : ਸ੍ਰੀ ਦਰਬਾਰ ਸਾਹਿਬ ਵਿਖੇ ਬੀਤੀ ਰਾਤ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਕਪੂਰਥਲਾ ਦੇ ਵੀ ਇਕ ਗੁਰਦੁਆਰੇ ‘ਚ ਵੀ ਅਜਿਹੀ ਹੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ । ਪਿੰਡ ਨਿਜਾਮਪੁਰ ਜਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਨਿਜਾਮਪੁਰ ਮੋੜ ਰਾੜਾ ਸਾਹਿਬ ਹੋਤੀ ਮਰਦਾਨ ‘ਚ ਅੱਜ ਸਵੇਰੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਸੰਗਤ ਵੱਲੋਂ ਕਾਬੂ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਇਕ ਮੋਨਾ ਵਿਅਕਤੀ ਦਰਬਾਰ ਹਾਲ ‘ਚ ਦਾਖਲ ਹੋ ਗਿਆ। ਉਸ ਵੇਲੇ ਗੁਰੂ ਸਾਹਿਬ ਜੀ ਦਾ ਪਰਕਾਸ਼ ਨਹੀ ਹੋਇਆ ਸੀ। ਉਕਤ ਵਿਅਕਤੀ ਨੇ ਦਰਬਾਰ ਹਾਲ ‘ਚ ਬੇਅਦਬੀ ਕਰਨ ਲਈ ਸੁਖਆਸਨ ਵਾਲੇ ਕਮਰੇ ਦੇ ਨਾਲ ਵਾਲੇ ਕਮਰੇ ‘ਚ ਦਾਖਲ ਹੋ ਕੇ ਸਾਮਾਨ ਦੀ ਬੇਅਦਬੀ ਕੀਤੀ।
ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੰਗਤ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ। ਡੀਐੱਸਪੀ ਕਪੂਰਥਲਾ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪਰ ਸੰਗਤ ਵੱਲੋਂ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਓਧਰ ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਨਾ ਮਿਲਣ ‘ਤੇ ਕਮੇਟੀ ਦੀ ਟੀਮ ਵੀ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ। ਬੇਅਦਬੀ ਦੀ ਘਟਨਾ ਦੀ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਮੌਕੇ ‘ਤੇ ਪੁੱਜਣੇ ਸ਼ੁਰੂ ਹੋ ਗਈਆਂ।
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ’ਤੇ ਚੱਲ ਰਹੇ ਰਹਿਰਾਸ ਸਾਹਿਬ ਜੀ ਦੇ ਪਾਠ ਦਰਮਿਆਨ ਇਕ ਪ੍ਰਵਾਸੀ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਕੀਤੀ ਗਈ
ਗੌਰਤਲਬ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ’ਤੇ ਚੱਲ ਰਹੇ ਰਹਿਰਾਸ ਸਾਹਿਬ ਜੀ ਦੇ ਪਾਠ ਦਰਮਿਆਨ ਇਕ ਪ੍ਰਵਾਸੀ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਕੀਤੀ ਗਈ। ਵਿਅਕਤੀ ਵਲੋਂ ਦਰਸ਼ਨ ਕਰਨ ਵਾਲੇ ਪਾਸਿਓਂਂ ਜੰਗਲਾ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਤਾਬਿਆ ਦੇ ਅਗਲੇ ਪਾਸੇ ਪਈ ਇਤਿਹਾਸਕ ਕਿਰਪਾਨ ਨੂੰ ਵੀ ਚੁੱਕ ਲਿਆ।ਮੌਕੇ ’ਤੇ ਤਾਇਨਾਤ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਬਾਹਰ ਲਿਆਂਦਾ। ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਸਾਈਡ ’ਤੇ ਬੈਠੇ ਚੌਰ-ਬਰਦਾਰ ਭਾਈ ਸਾਹਿਬ ਸਿੰਘ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਮੌਜੂਦ ਬੈਠੀ ਸੰਗਤ ਵੀ ਇਕਦਮ ਖੜੀ ਹੋ ਗਈ।
ਕਾਬੂ ਕੀਤੇ ਪ੍ਰਵਾਸੀ ਵਿਅਕਤੀ ਨੂੰ ਪਹਿਲਾਂ ਪ੍ਰਕਰਮਾ ਵਿਖੇ ਸੀਸੀਟੀਵੀ ਕੰਟਰੋਲ ਰੂਮ ਕਮਰਾ ਨੰਬਰ 50 ਵਿਖੇ ਲਿਆਂਦਾ ਗਿਆ। ਉਸ ਤੋਂ ਉਪਰੰਤ ਇਸ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖੜਿਆ ਗਿਆ। ਇਸੇ ਦਰਮਿਆਨ ਇਕ ਨਿੱਜੀ ਚੈਨਲ ’ਤੇ ਚੱਲ ਰਹੇ ਲਾਈਵ ਪ੍ਰਸਾਰਣ ’ਤੇ ਵੀ ਇਹ ਘਟਨਾ ਸੰਗਤਾਂ ਦੇ ਦੇਖਣ ਵਿਚ ਆ ਗਈ। ਜਿਸ ਦੇ ਫਲਸਰੂਪ ਇਹ ਵੀਡੀਆ ਸੋਸ਼ਲ ਮੀਡੀਆ ’ਤੇੇ ਅੱਗ ਵਾਂਗ ਫੈਲ ਗਈ, ਜਿਸ ਨੂੰ ਦੇਖਦਿਆਂ ਕੁਝ ਜਥੇਬੰਦੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ।
ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਉਪਰੋਕਤ ਵਿਅਕਤੀ ਦੀ ਏਨੀ ਕੁੱਟਮਾਰ ਕੀਤੀ ਗਈ ਕਿ ਉਸ ਨੂੰ ਜਾਨੋ ਮਾਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇਸ ਘਟਨਾ ਦੇ ਸਾਹਮਣੇ ਆਉਣ ’ਤੇ ਮੌਕੇ ’ਤੇ ਪਹੁੰਚ ਗਏ। ਪੁਲਿਸ ਪ੍ਰਸ਼ਾਸਨ ਵੀ ਇਸ ਘਟਨਾ ਦੇ ਪਤਾ ਚੱਲਦਿਆਂ ਹੀ ਐੱਸਪੀ ਹਰਪਾਲ ਸਿੰਘ ਵੀ ਆਪਣੇ ਮੁਲਾਜਮਾਂ ਨਾਲ ਪਹੁੰਚ ਗਏ ਸਨ।
ਇਥੇ ਇਹ ਵੀ ਜਿਕਰਜੋਗ ਹੈ ਕਿ ਬੀਤੇ ਦਿਨੀਂ ਲੁਧਿਆਣੇ ਦੇ ਇਕ ਵਿਅਕਤੀ ਵਲੋਂ ਸੁਖਮਨੀ ਸਾਹਿਬ ਦਾ ਗੁਟਕਾ ਵੀ ਸਰੋਵਰ ਵਿਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ, ਜਿਸ ਦੀ ਪੜਤਾਲ ਹਾਲੇ ਵੀ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ।