ਡੱਬੀ ਬਾਜਾਰ ਦੀ ਜਲਦ ਹੋਵੇਗੀ ਕਾਇਆਕਲਪ : ਸੁੰਦਰ ਸ਼ਾਮ ਅਰੋੜਾ
ਬਾਜਾਰ ਦੀਆਂ ਦੁਕਾਨਾਂ,ਇਮਾਰਤਾਂ ਨੂੰ ਦਿੱਤੀ ਜਾਵੇਗੀ ਇਕਸਾਰ ਦਿਖ, ਰਸਤੇ ’ਚ ਲੱਗੇਗਾ ਵਿਸ਼ੇਸ਼ ਕਿਸਮ ਦਾ ਲਾਲ ਪੱਥਰ
ਹੁਸ਼ਿਆਰਪੁਰ, 22 ਨਵੰਬਰ(ਬਿਊਰੋ) : ਸ਼ਹਿਰ ਦੇ ਕੇਂਦਰ ਵਿਚ ਸਥਿਤ ਡੱਬੀ ਬਾਜਾਰ ਨੂੰ ਵਿਰਾਸਤੀ ਦਿਖ ਦੇਣ ਅਤੇ ਇਸਦੀ ਮੁਕੰਮਲ ਨੁਹਾਰ ਬਦਲਣ ਦੀ ਸ਼ੁਰੂਆਤ ਜਲਦ ਸ਼ੁਰੂ ਹੋਵੇਗੀ ਅਤੇ ਤਿੰਨ ਕੁ ਮਹੀਨਿਆਂ ਵਿੱਚ ਸਾਰਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ।
ਵਿਧਾਇਕ ਸੁੰਦਰ ਸ਼ਾਮ ਅਰੋੜਾ ਡੱਬੀ ਬਾਜ਼ਾਰ ਦੀ ਦਿੱਖ ਸੰਵਾਰਨ ਦੇ ਪ੍ਰਾਜੈਕਟ ਬਾਰੇ ਕਿਹਾ ਕਿ ਦੁਕਾਨਦਾਰਾਂ, ਬਾਜਾਰ ਦੇ ਵਸਨੀਕਾਂ ਅਤੇ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਬਾਜਾਰ ਦੀ ਮੁਕੰਮਲ ਕਾਇਆਕਲਪ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ , ਨਗਰ ਨਿਗਮ ਕਮਿਸ਼ਨਰ ਆਸ਼ਿਕਾ ਜੈਨ, ਮੇਅਰ ਸੁਰਿੰਦਰ ਕੁਮਾਰ ਅਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਬਾਜ਼ਾਰ ਦੀ ਫੇਰੀ ਦੌਰਾਨ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬਾਜਾਰ ਦੇ ਮੁਹਾਂਦਰੇ ਨੂੰ ਨਵੀਂ ਅਤੇ ਮਨਮੋਹਕ ਦਿਖ ਪ੍ਰਦਾਨ ਕਰ ਦਿੱਤੀ ਜਾਵੇਗੀ, ਜਿਸ ਸਬੰਧੀ ਸਾਰਾ ਖਾਕਾ ਉਲੀਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਜਾਰ ਦੀਆਂ ਦੁਕਾਨਾਂ ਅਤੇ ਇਮਾਰਤਾਂ ਨੂੰ ਇੱਕੋ ਜਿਹੀ ਦਿਖ ਪ੍ਰਦਾਨ ਕਰਨ ਅਤੇ ਸਾਈਨ ਬੋਰਡ ਆਦਿ ਲਾਉਣ ਲਈ ਮਾਹਰਾਂ ਦੀ ਟੀਮ ਵਲੋਂ ਕੰਮ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬਾਜਾਰ ਦੇ ਰਸਤਿਆਂ ਵਿਚ ਵਿਸ਼ੇਸ਼ ਕਿਸਮ ਦੇ ਲਾਲ ਪੱਥਰ ਨਾਲ ਫਰਸ਼ ਬਣਾਇਆ ਜਾਵੇਗਾ ਅਤੇ ਸਾਰੇ ਰਸਤਿਆਂ ਤੇ ਬਾਜਾਰ ਵਿਚ ਇਕੋ ਜਿਹੀਆਂ ਲਾਈਟਾਂ ਲਗਾਈਆ ਜਾਣਗੀਆਂ। ਉਨ੍ਹਾਂ ਕਿਹਾ ਕਿ ਡੱਬੀ ਬਾਜਾਰ ਦੀ ਹਸਤਕਲਾ ਦੇ ਖੇਤਰ ਵਿਚ ਵਿਸ਼ੇਸ਼ ਅਹਿਮੀਅਤ ਹੈ ਅਤੇ ਸੰਸਾਰ ਭਰ ਵਿਚ ਡੱਬੀ ਬਾਜਾਰ ਵਿਚ ਤਿਆਰ ਕੀਤੇ ਜਾਂਦੇ ਸਾਜੋ-ਸਮਾਨ ਦੀ ਖਾਸ ਖਿੱਚ ਰਹਿੰਦੀ ਹੈ।
ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਾਲਾਘਾ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਵਿਕਾਸ ਦੀਆਂ ਨਵੀਂਆਂ ਲੀਹਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਸ਼ਹਿਰੀ ਵਿਕਾਸ ਲਈ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਵਿਕਾਸ ਦੀ ਮੌਜੂਦਾ ਰਫਤਾਰ ਹੋਰ ਜੋਰ ਫੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਅਹਿਮ ਕਦਮ ਚੁੱਕਦਿਆਂ 2 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਦੇ ਕਰੀਬ 1500 ਕਰੋੜ ਰੁਪਏ ਦੇ ਬਿਜਲੀ ਬਿੱਲ਼ਾਂ ਦੇ ਬਕਾਏ ਮੁਆਫ ਕਰਨ ਦੇ ਨਾਲ-ਨਾਲ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਰੇਟ ਘਟਾ ਕੇ ਦੇਸ਼ ਵਿਚ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਕਟੋਤੀ ਕਰਕੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਇਨ੍ਹਾਂ ਫੈਸਲਿਆਂ ਨਾਲ ਸਮੁੱਚਾ ਪੰਜਾਬ ਪੂਰੀ ਤਰ੍ਹਾਂ ਖੁਸ਼ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਕੇਸ਼ ਮਰਵਾਹਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਨੀ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਨਿਗਮ ਦੀ ਵਿੱਤ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਬਲਵਿੰਦਰ ਕੁਮਾਰ ਬਿੰਦੀ, ਜਿਲਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ , ਮੁਕੇਸ਼ ਕੁਮਾਰ, ਕੌਂਸਲਰਾਂ ਵਿਚ ਪ੍ਰਦੀਪ ਕੁਮਾਰ, ਅਨਮੋਲ ਜੈਨ, ਮੁਖੀ ਰਾਮ, ਜਸਵਿੰਦਰ ਕੁਮਾਰ, ਮੁਕੇਸ਼ ਮੱਲ, ਪਵਿੱਤਰਦੀਪ ਸਿੰਘ, ਲਵਕੇਸ਼ ਓਹਰੀ, ਦਰਿਪਨ ਸੈਨੀ, ਬਲਵਿੰਦਰ ਕੌਰ, ਮੀਨਾ ਸ਼ਰਮਾ, ਵਿਕਾਸ ਗਿੱਲ ਆਦਿ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਗੋਪੀ ਕਪੂਰ, ਮੋਹਨ ਲਾਲ ਜੈਨ, ਅਜੀਤ ਸਿੰਘ ਹਰਭਗਤ ਸਿੰਘ, ਰਜਨੀਸ਼ ਟੰਡਨ, ਸੁਨੀਸ਼ ਜੈਨ, ਮਧੂਸੁਦਨ ਕਾਲੀਆ, ਅਰੀਹੰਤ ਜੈਨ, ਅਰੁਣ ਜੈਨ, ਉਮੇਸ਼ ਜੈਨ, ਰਾਮ ਗੋਪਾਲ ਜੈਨ, ਨਵਲ ਜੈਨ, ਨੀਰਜ ਜੈਨ, ਵਿਕਾਸ ਜੈਨ ਆਦਿ ਵੀ ਹਾਜਰ ਸਨ।