ਗੜ੍ਹਸ਼ੰਕਰ 28 ਦਸੰਬਰ (ਅਸ਼ਵਨੀ ਸ਼ਰਮਾ) 19 ਦਸੰਬਰ ਦੀ ਖਰੜ ਮਹਾਂ ਰੈਲੀ ਦੇ ਦਬਾਅ ਅਧੀਨ ਪੰਜਾਬ ਸਰਕਾਰ ਵੱਲੋਂ ਪੰਜਾਬ ਯੂ.ਟੀ.ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਕੀਤੀ ਮੀਟਿੰਗ ਦੇ ਕੋਈ ਸਾਰਥਕ ਸਿੱਟੇ ਨਾ ਨਿਕਲਣ ਅਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅੱਜ ਰਾਜ ਵਿਆਪੀ ਮੁਲਾਜਮ ਹੜਤਾਲ ਦੇ ਸਬੰਧ ਵਿਚ ਗੜ੍ਹਸ਼ੰਕਰ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਦਾਣਾ ਮੰਡੀ ਗੜਸ਼ੰਕਰ ਵਿਖੇ ਸਾਥੀ ਮੱਖਣ ਸਿੰਘ ਵਾਹਿਦਪੁਰੀ, ਮੁਕੇਸ਼ ਕੁਮਾਰ, ਸ਼ਾਮ ਸੁੰਦਰ ਤੇ ਰਾਮ ਜੀ ਦਾਸ ਚੌਹਾਨ ਦੀ ਅਗਵਾਈ ਰੋਹ ਭਰਪੂਰ ਰੈਲੀ ਕੀਤੀ ਅਤੇ ਸ਼ਹਿਰ ਵਿਚ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਰੋਸ ਮਾਰਚ ਕੀਤਾ। ਇਸ ਸਮੇਂ ਬੁਲਾਰਿਆਂ ਨੇ ਕਿਹਾ ਪੰਜਾਬ ਸਰਕਾਰ ਨਿੱਤ ਨਵੇਂ ਮੁਲਾਜ਼ਮ ਵਿਰੋਧੀ ਫਰਮਾਨ ਜਾਰੀ ਕਰਕ ਸਮੁੱਚੇ ਮੁਲਾਜ਼ਮਾਂ ਨਾਲ ਧ੍ਰੋਹ ਕਮਾ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁਲਾਜ਼ਮਾਂ ਦੇ ਪਹਿਲਾ ਮਿਲੇ ਹੱਕਾਂ ਤੇ ਵੀ ਡਾਕਾ ਮਾਰ ਰਹੀ ਹੈ। ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਤੇ ਲੋਕ ਵਿਰੋਧੀ ਚਿਹਰੇ ਨੂੰ ਮੁਲਾਜ਼ਮ ਆਉਣ ਵਾਲੀਆਂ ਚੋਣਾਂ ਵਿੱਚ ਘਰ ਘਰ ਜਾ ਕੇ ਨੰਗਾ ਕਰਨਗੇ ਅਤੇ ਸਰਕਾਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਗੇ I ਸੱਤਾ ਦੇ ਨਸ਼ੇ ਵਿੱਚ ਮਗਰੂਰ ਮੁੱਖ ਮੰਤਰੀ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁਲਾਜ਼ਮਾਂ ਦੇ ਸੰਘਰਸ਼ ਬਾਰੇ ਨਿੱਤ ਉਲਟੇ ਸਿੱਧੇ ਬਿਆਨ ਦੇ ਰਹੇ ਹਨ।ਹੱਕ ਮੰਗਦੇ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀ ਗੱਲ ਸੁਣਨ ਦੀ ਬਜਾਏ ਸਰਕਾਰ ਇਨ੍ਹਾਂ ਤੇ ਲਾਠੀਆਂ ਵਰ੍ਹਾ ਰਹੀ ਹੈ।ਮਹਿਲਾ ਮੁਜ਼ਾਹਰਾਕਾਰੀਆਂ ਨੂੰ ਗੁੱਤਾਂ ਤੋਂ ਫੜ ਕੇ ਘੜੀਸਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਚੁੰਨੀਆਂ ਉਤਾਰੀਆਂ ਜਾ ਰਹੀਆਂ ਹਨI ਇਨ੍ਹਾਂ ਸਾਰੀਆਂ ਜ਼ਿਆਦਤੀਆਂ ਦਾ ਜਵਾਬ ਮੁਲਾਜ਼ਮ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਦੇਣਗੇ।ਇਸ ਸਮੇਂ ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਾਜਮਾ ਦਾ ਪੇਂਡੂ ਭੱਤਾ ਤੁਰੰਤ ਬਹਾਲ ਕੀਤਾ ਜਾਵੇ । ਪ੍ਰੋਬੇਸ਼ਨ ਪੀਰੀਅਡ ਨੂੰ ਪੇ ਕਮਿਸ਼ਨ ਲਾਭਾਂ ਲਈ ਗਿਣਿਆ ਜਾਵੇ I ਪੰਜਾਬ ਵਿੱਚ ਕੰਮ ਕਰਦੇ ਸਾਰੇ ਕੱਚੇ, ਠੇਕਾ ਭਰਤੀ ਆਦਿ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਸਕੇਲ ਦੇ ਕੇ ਤੁਰੰਤ ਪੱਕਾ ਕੀਤਾ ਜਾਵੇ।ਆਸ਼ਾ ਵਰਕਰ, ਆਂਗਨਵਾੜੀ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ Iਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ।ਪੇ ਕਮਿਸ਼ਨ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਸੋਧ ਕੇ ਲਾਗੂ ਕੀਤਾ ਜਾਵੇ।ਪੇਂਡੂ ਭੱਤਾ ਖੋਹਣ ਵਾਲਾ ਪੱਤਰ ਤੁਰੰਤ ਵਾਪਸ ਲਿਆ ਜਾਵੇ।ਪ੍ਰੋਬੇਸ਼ਨ ਪੀਰੀਅਡ ਨੂੰ ਪੇ ਕਮਿਸ਼ਨ ਲਾਭਾਂ ਲਈ ਗਿਣਿਆ ਜਾਵੇ। ਮਾਨਸਾ ਵਿਖੇ ਹੋਏ ਲਾਠੀਚਾਰਜ ਲਈ ਜ਼ਿੰਮੇਵਾਰ ਡੀਐੱਸਪੀ ਗੁਰਮੀਤ ਸਿੰਘ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ I ਬੁਲਾਰਿਆਂ ਕਿਹਾ ਕਿ ਪੰਜਾਬ ਸਰਕਾਰ ਸਾਂਝੇ ਫਰੰਟ ਨਾਲ ਤੁਰੰਤ ਗੱਲਬਾਤ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰੇ।ਉਨ੍ਹਾਂ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਗਿਣਤੀ ਵਿੱਚ 8 ਜਨਵਰੀ ਨੂੰ ਲਾਡੋਵਾਲ ਟੋਲ ਪਲਾਜ਼ਾ (ਲੁਧਿਆਣਾ) ਵਿਖੇ ਪਹੁੰਚਣ ਅਪੀਲ ਕੀਤੀ ਤਾਂ ਕਿ ਸਮੁੱਚੇ ਪੰਜਾਬ ਨੂੰ ਜਾਮ ਕਰਕੇ ਚੰਨੀ ਸਰਕਾਰ ਦੀਆਂ ਕੋਝੀਆਂ ਚਾਲਾਂ ਦਾ ਢੁਕਵਾਂ ਜਵਾਬ ਦਿੱਤਾ ਜਾ ਸਕੇ ਤੇ ਮੁਲਾਜ਼ਮ ਮੰਗਾਂ ਮਨਾਈਆਂ ਜਾ ਸਕਣ।ਇਸ ਸਮੇ ਮੁਲਾਜ਼ਮ ਆਗੂ ਅਮਰੀਕ ਸਿੰਘ, ਜੀਤ ਸਿੰਘ ਬਗਵਾਈਂ, ਸ਼ਿੰਗਾਰਾ ਰਾਮ, ਕੁਲਵਿੰਦਰ ਸਿੰਘ ਸਹੁੰਗੜਾ ਨਰੇਸ਼ ਕਪੂਰ, ਸੁਖਦੇਵ ਡਾਨਸੀਵਾਲ, ਪ੍ਰੋ.ਸੰਧੂ ਵਰਿਆਣਵੀ, ਪਰਦੀਪ ਗੁਰੂ, ਪਵਨ ਕੁਮਾਰ, ਰਮਨ ਕੁਮਾਰ, ਸਤਪਾਲ ਮਿਨਹਾਸ, ਬਲਵੀਰ ਬੈਂਸ, ਸ਼ਰਮੀਲਾ ਰਾਣੀ, ਪ੍ਰਵੀਨ ਕੁਮਾਰ, ਸਰਬਜੀਤ ਕੌਰ, ਸੋਹਣ ਸਿੰਘ, ਸੁਭਾਸ ਚੰਦਰ ਹੰਸਰਾਜ, ਸਰੂਪ ਚੰਦ, ਸੁਰਜੀਤ ਕਾਲਾ, ਮਨਜੀਤ ਸਿੰਘ ਪੱਦੀ, ਸ਼ਾਂਤੀ ਸਰੂਪ, ਹਰਜਿੰਦਰ ਸੂੰਨੀ, ਮਨਜੀਤ ਅਰਮਾਨ, ਪਰਮਾਨੰਦ, ਹਰਮੇਸ਼ ਕੁਮਾਰ, ਜਗਦੀਸ਼ ਪੱਖੋਵਾਲ, ਗੁਰਨੀਤ ਸਿੰਘ, ਗੁਰਮੇਲ ਸਿੰਘ, ਸ਼ਾਮਿਲ ਹੋਏ।
ਗੜ੍ਹਸ਼ੰਕਰ ਚ ਮੁਲਾਜਮਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਹੜਤਾਲ
- Post published:December 28, 2021